ਨਵੀਂ ਦਿੱਲੀ, 8 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਾਰਟੀ ਦੇ ਸੰਸਦ ਮੈਂਬਰ ਸੰਜੈ ਸਿੰਘ ਦੇ ਪਰਿਵਾਰ ਨਾਲ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕਰ ਕੇ ਇਕਜੁੱਟਤਾ ਪ੍ਰਗਟਾਈ ਹੈ। ਇਸ ਦੌਰਾਨ ਭਗਵੰਤ ਮਾਨ ਨੇ ਅਡਾਨੀ ਮੁੱਦੇ ਉੱਤੇ ਭਾਜਪਾ ’ਤੇ ਹਮਲਾ ਕਰਦਿਆਂ ਕਿਹਾ ਕਿ ਭਗਵਾ ਪਾਰਟੀ ਸਿਰਫ਼ ਇੱਕ ਰਾਸ਼ਟਰ, ਇੱਕ ਦੋਸਤ ਬਾਰੇ ਹੀ ਸੋਚਦੀ ਹੈ। ਉਨ੍ਹਾਂ ਕਿਹਾ ਕਿ ਉਹ ਸੰਜੈ ਸਿੰਘ ਦੇ ਨਾਲ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਬੋਲਣ ਦੀ ਹਿੰਮਤ ਰੱਖਦੇ ਹਨ। ਉਨ੍ਹਾਂ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀ ਉਨ੍ਹਾਂ ਥਾਵਾਂ ’ਤੇ ਨਹੀਂ ਜਾਂਦੇ, ਜਿੱਥੇ ਉਨ੍ਹਾਂ ਨੂੰ ਜਾਣਾ ਚਾਹੀਦਾ ਹੈ। ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਈਡੀ ਨੇ ਤਕਰੀਬਨ 3,000 ਛਾਪੇ ਮਾਰੇ ਹਨ ਪਰ ਇਕ ਫ਼ੀਸਦੀ ਵੀ ਨਤੀਜਾ ਨਹੀਂ ਆਇਆ। ਭਾਜਪਾ ਵਿਰੋਧੀ ਧਿਰ ਨੂੰ ਡਰਾਉਣ ਲਈ ਅਜਿਹਾ ਕਰਦੀ ਹੈ ਪਰ ‘ਆਪ’ ਦੇ ਆਗੂ ਡਰਨ ਵਾਲੇ ਨਹੀਂ। ਇਸ ਦੌਰਾਨ ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਭਾਜਪਾ ਨਫ਼ਰਤ ਦੀ ਰਾਜਨੀਤੀ ਕਰਦੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਮੋਦੀ ਸਰਕਾਰ ਆਪਣੇ ‘ਦੋਸਤ’ ਖ਼ਾਤਰ 140 ਕਰੋੜ ਲੋਕਾਂ ਨੂੰ ਸੂਲੀ ਉੱਤੇ ਟੰਗ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜੋ ਦੀਵਾ ਜਲਦੀ ਬੁਝਣ ਵਾਲਾ ਹੁੰਦਾ ਹੈ, ਉਹ ਜ਼ਿਆਦਾ ਭਕ-ਭਕ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਈਡੀ ਦਾ ਦੀਵਾ ਬੁਝਣ ਵਾਲਾ ਹੈ। ਸ੍ਰੀ ਮਾਨ ਨੇ ਕਿਹਾ, ‘ਪੰਜਾਬੀ ਵਿਚ ਕਹਿੰਦੇ ਹਨ ਅੱਤ ਜਿਸ ਦਾ ਮਤਲਬ ਇੰਤਹਾ ਹੁੰਦਾ ਹੈ। ਅਤਿ ਕਰਨ ਵਾਲੇ ਨੂੰ ਪਤਾ ਨਹੀਂ ਲੱਗਦਾ ਇਸ ਇੰਤਹਾ ਇਸ ਲਈ ਕਦੋਂ ‘ਅੱਤ’ ਦਾ ਅੱਧਕ, ਟਿੱਪੀ ਬਣ ਕੇ ‘ਅੰਤ’ ਕਰ ਦੇਵੇ। ਅੱਤ ਹੋ ਗਈ ਹੈ ਤੇ ਅੰਤ ਹੋਣ ਵਾਲਾ ਹੈ।’ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨਫ਼ਰਤ ਦੀ ਰਾਜਨੀਤੀ ਕਰਦੀ ਹੈ ਅਤੇ ਧਰਮ ਦੇ ਨਾਂ ’ਤੇ ਇਕ-ਦੂਜੇ ਨੂੰ ਲੜਾਉਣ ਦੀ ਰਾਜਨੀਤੀ ਕਰਦੀ ਹੈ।