ਭਾਰਤ ਸਰਕਾਰ ਨੇ ਸਾਲ 2025 ਤੱਕ ਪੈਟਰੋਲ ਅਤੇ ਡੀਜ਼ਲ ‘ਚ 20 ਫੀਸਦੀ ਇਥੋਨਾਲ ਨੂੰ ਮਿਲਾਨ ਦਾ ਟੀਚਾ ਰੱਖਿਆ ਹੈ। ਮੌਜੂਦਾ ਸਮੇਂ ‘ਚ ਦੇਸ਼ ‘ਚ ਪੈਟਰੋਲ ‘ਚ 9 ਫੀਸਦੀ ਤੱਕ ਇਥੋਨਾਲ ਮਿਲਾਇਆ ਜਾਂਦਾ ਹੈ। ਇਹ ਟੀਚਾ ਬਹੁਤ ਵੱਡਾ ਹੈ। ਇਸ ਦੇ ਲਈ ਵੱਡੀ ਮਾਤਰਾ ਵਿੱਚ ਇਥੋਨਾਲ ਦੀ ਲੋੜ ਪਵੇਗੀ।
ਭਾਰਤ ਵਿਚ ਆਉਣ ਵਾਲੇ ਸਮੇਂ ਵਿਚ ਪੈਟਰੋਲ 15 ਰੁਪਏ ਲਿਟਰ ਮਿਲ ਸਕਦਾ ਹੈ। ਇਹ ‘ਦਾਅਵਾ’ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕੀਤਾ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਰਾਜਸਥਾਨ ਦੇ ਪ੍ਰਤਾਪਗੜ੍ਹ ਵਿੱਚ ਇੱਕ ਸਭਾ ਵਿੱਚ ਕਿਹਾ ਕਿ ਸਾਡੀ ਸਰਕਾਰ ਦੀ ਸੋਚ ਹੈ ਕਿ ਕਿਸਾਨ ਨਾ ਸਿਰਫ਼ ‘ਅੰਨਦਾਤਾ’ ਬਣੇ, ਸਗੋਂ ‘ਊਰਜਾਦਾਤਾ’ ਵੀ ਬਣੇ। ਸੜਕ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਹੁਣ ਸਾਰੇ ਵਾਹਨ ਕਿਸਾਨਾਂ ਦੁਆਰਾ ਬਣਾਏ ਗਏ ਇਥੋਨਾਲ ਨਾਲ ਚੱਲਣਗੇ।
ਨਿਤਿਨ ਗਡਕਰੀ ਨੇ ਕਿਹਾ, ‘ਜੇਕਰ ਔਸਤਨ 60 ਫੀਸਦੀ ਇਥੋਨਾਲ ਅਤੇ 40 ਫੀਸਦੀ ਇਲੈਕਟ੍ਰਿਕ ਵਾਹਨ ਹੋ ਗਏ ਤਾਂ ਪੈਟਰੋਲ 15 ਰੁਪਏ ਲਿਟਰ ਮਿਲੇਗਾ ਅਤੇ ਲੋਕਾਂ ਨੂੰ ਫਾਇਦਾ ਹੋਵੇਗਾ। ਇਸ ਨਾਲ ਪ੍ਰਦੂਸ਼ਣ ਵੀ ਘਟੇਗਾ। ਹੁਣ ਦਰਾਮਦ ‘ਤੇ 16 ਲੱਖ ਕਰੋੜ ਰੁਪਏ ਖਰਚ ਹੋ ਰਹੇ ਹਨ, ਇਹ ਪੈਸਾ ਕਿਸਾਨਾਂ ਦੇ ਘਰ ਜਾਵੇਗਾ।