ਚੰਡੀਗੜ੍ਹ, 15 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ) : ਇੱਥੋਂ ਦੇ ਲੇਕ ਕਲੱਬ ਵਿਖੇ ਹੋ ਰਹੇ ਮਿਲਟਰੀ ਲਿਟਰੇਚਰ ਫੈਸਟੀਵਲ‑2019 ਦੇ ਤੀਜੇ ਅਤੇ ਆਖਰੀ ਦਿਨ ਅੱਜ ‘ਚੀਫ ਆਡ ਡਿਫੈਂਸ ਸਟਾਫ’ ਦੇ ਅਹੁਦੇ ਦੀ ਸਿਰਜਣਾ ਵਿਸ਼ੇ ਤੇ ਵਿਚਾਰ ਚਰਚਾ ਹੋਈ। ਇਸ ਵਿਚਾਰ ਚਰਚਾ ਸੈਸ਼ਨ ਦਾ ਸੰਚਲਾਣ ਲੈਫ. ਜਨਰਲ ਰਿਟਾਇਰਡ ਸ੍ਰੀ ਅਦਿੱਤਿਆ ਸਿੰਘ ਨੇ ਕੀਤਾ ਜਦ ਕਿ ਇਸ ਪੈਨਲ ਚਰਚਾ ਵਿਚ ਏਅਰ ਮਾਰਸ਼ਲ ਰਿਟਾ: ਮਨਮੋਹਨ ਬਹਾਦੁਰ, ਸਾਬਕਾ ਰੱਖਿਆ ਸਕੱਤਰ ਸ੍ਰੀ ਸ਼ੇਖਰ ਦੱਤ, ਨਵੀਂ ਦਿੱਲੀ ਵਿਚ ਬਰਤਾਨੀਆਂ ਦੇ ਹਾਈ ਕਮਿਸ਼ਨਰ ਦੇ ਸਲਾਹਕਾਰ ਬ੍ਰਿਗੇਡੀਅਰ ਜੈਵਿਨ ਥੋਮਸਨ ਤੇ ਲੈਫ: ਜਨਰਲ ਰਿਟਾ: ਸੰਜੀਵ ਲੰਗੇਰ ਨੇ ਸ਼ਿਰਕਤ ਕੀਤੀ।
ਇਸ ਮੌਕੇ ਚਰਚਾ ਕਰਦਿਆਂ ਪੈਨਲ ਦੇ ਮੈਂਬਰਾਂ ਨੇ ਇਸ ਅਹੁਦੇ ਦੀ ਸਥਾਪਨਾ ਦੇ ਕਦਮ ਦੀ ਸਲਾਘਾ ਕੀਤੀ ਅਤੇ ਕਿਹਾ ਕਿ 1999 ਦੇ ਕਾਰਗਿਲ ਯੁੱਧ ਤੋਂ ਬਾਅਦ ਸਾਲ 2001 ਵਿਚ ਮੰਤਰੀਆਂ ਦੇ ਸਮੂਹ ਨੇ ਇਸ ਅਹੁਦੇ ਦੀ ਸਥਾਪਨਾ ਦੀ ਸਿਫਾਰਿਸ਼ ਕੀਤੀ ਸੀ। ਸੰਚਾਲਕ ਲੈਫ: ਜਨਰਲ ਅਦਿਤਿਆ ਸਿੰਘ ਨੇ ਆਖਿਆ ਕਿ ਇਸ ਅਹੁਦੇ ਦੀ ਸਿਰਜਣਾ ਦਾ ਮੁੱਖ ਮਕਸਦ ਥਲ ਸੈਨਾ, ਜਲ ਸੈਨਾ ਤੇ ਹਵਾਈ ਸੈਨਾ ਵਿਚਕਾਰ ਬਿਹਤਰ ਤਾਲਮੇਲ ਯਕੀਨੀ ਬਣਾਉਣਾ ਸੀ। ਉਨ੍ਹਾਂ ਨੇ ਕਿਹਾ ਕਿ ‘ਚੀਫ ਆਡ ਡਿਫੈਂਸ ਸਟਾਫ’ ਰੱਖਿਆ ਸਬੰਧੀ ਸਲਾਹ ਦੇਣ ਦੇ ਨਾਲ ਨਾਲ ਸੈਨਾਵਾਂ ਦੇ ਵੱਖ ਵੱਖ ਅੰਗਾਂ ਵਿਚ ਤਾਲਮੇਲ ਦੀ ਭੂਮਿਕਾ ਨਿਭਾਏਗਾ।
ਸਾਬਕਾ ਰੱਖਿਆ ਸੱਕਤਰ ਭਾਰਤ ਸਰਕਾਰ ਸ਼੍ਰੀ ਸ਼ੇਖਰ ਦੱਤ ਨੇ ਕਿਹਾ ਕਿ ‘ਚੀਫ ਆਡ ਡਿਫੈਂਸ ਸਟਾਫ’ ਦੇ ਅਹੁਦੇ ਦੀ ਸਥਾਪਨਾ ਇਸ ਲਈ ਕੀਤੀ ਗਈ ਹੈ ਕਿਉਂਕਿ ਰਾਸ਼ਟਰੀ ਸੁਰੱਖਿਆ ਦੇ ਸਬੰਧ ਵਿਚ ਤਿੰਨਾਂ ਸੈਨਾਵਾਂ ਸਬੰਧੀ ਏਕੀਕ੍ਰਿਤ ਸਲਾਹ ਸਰਕਾਰ ਨੂੰ ਮਿਲ ਸਕੇ। ਜਿਸ ਸਬੰਧ ਵਿਚ ਆਉਂਦੇ ਦਿਨੀ ਇਸ ਅਹੁਦੇ ਤੇ ਪਹਿਲੀ ਨਿਯੁਕਤੀ ਹੋਣ ਦੀ ਉਮੀਦ ਹੈ। ਨਵੀਂ ਦਿੱਲੀ ਵਿਚ ਬਰਤਾਨੀਆਂ ਦੇ ਹਾਈ ਕਮਿਸ਼ਨਰ ਦੇ ਸਲਾਹਕਾਰ ਬ੍ਰਿਗੇਡੀਅਰ ਜੈਵਿਨ ਥੋਮਸਨ ਨੇ ਆਖਿਆ ਕਿ ਸੈਨਾਵਾਂ ਲਈ ਇਕ ਏਕੀਕ੍ਰਿਤ ਸੰਸਥਾ ਦੀ ਮੁੱਖ ਲੋੜ ਹੁੰਦੀ ਹੈ ਕਿ ਫੈਸਲੇ ਲੈਣ ਲਈ ਇਕ ਸੰਸਥਾ ਹੋਵੇ ਅਤੇ ਬਰਤਾਨੀਆਂ ਵਿਚ ਇਹ ਪ੍ਰਣਾਲੀ ਕਈ ਸਾਲਾਂ ਤੋਂ ਚੱਲ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਬਰਤਾਨਵੀ ਸੈਨਾ ਦੇ 83 ਸਾਲ ਦੇ ਇਤਿਹਾਸ ਦਾ ਵੀ ਜਿਕਰ ਕੀਤਾ ਅਤੇ ਆਪਣੀ ਸੈਨਾ ਵਿਚ ਚੀਫ ਆਫ ਡਿਫੈਂਸ ਸਟਾਫ ਦੇ ਕੰਮਕਾਜ ਬਾਰੇ ਦੱਸਿਆ।
ਲੈਫ: ਜਨਰਲ ਸੰਜੀਵ ਲੰਗੇਰ ਨੇ ਇਸ ਮੌਕੇ ਇਕ ਪ੍ਰੈਜੇਂਟੇਸ਼ਨ ਰਾਹੀਂ ਸੰਯੁਕਤ ਰਾਜ ਅਮਰੀਕਾ, ਚੀਨ, ਫਰਾਂਸ ਅਤੇ ਰੂਸ ਆਦਿ ਦੇਸ਼ਾਂ ਦੀਆਂ ਰੱਖਿਆ ਸੈਨਾਵਾਂ ਵਿਚ ਆਰਮੀ ਕਮਾਂਡ ਦਾ ਤੁਲਨਾਤਾਮਕ ਅਧਿਐਨ ਪੇਸ਼ ਕੀਤਾ। ਉਸਨੇ ਕਿਹਾ ਕਿ ਰੱਖਿਆ ਮੰਤਰਾਲੇ ਵਿਚ ਫੌਜੀ ਪਿੱਛੋਕੜ ਤੋਂ ਸਥਾਈ ਨਿਯੁਕਤੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਚੀਫ ਆਫ ਡਿਫੈਂਸ ਸਟਾਫ ਫੌਜਾਂ ਨਾਲ ਸੰਬਧਤ ਅੰਤਰ‑ਸੇਵਾਵਾਂ ਜਿਵੇਂ ਕਿ ਬਜਟ, ਸਾਜੋ ਸਮਾਨ ਦੀ ਖਰੀਦ, ਸਿਖਲਾਈ ਅਤੇ ਮਿਲਟਰੀ ਪਲਾਨਿੰਗ ਦੇ ਪੱਖ ਤੋਂ ਅਹਿਮ ਭੁਮਿਕਾ ਨਿਭਾਵੇਗਾ।
ਏਅਰ ਮਾਰਸ਼ਲ ਮਨਮੋਹਨ ਬਾਹੁਦਰ ਨੇ ਦੇਸ਼ ਵਿਚ ਸਿਵਲ ਸੇਵਾਵਾਂ ਵਿਚ ਵੱਖਰੇ ਡਿਫੈਂਸ ਕਾਡਰ ਦੀ ਵਕਾਲਤ ਕਰਦਿਆਂ ਕਿਹਾ ਕਿ ਇਸ ਕਾਡਰ ਦੇ ਅਫਸਰ ਕੌਮੀ ਸੁਰੱਖਿਆ ਨਾਲ ਸਬੰਧਤ ਸੇਵਾਵਾਂ ਵਿਚ ਹੀ ਨਿਯੁਕਤ ਕੀਤੇ ਜਾਣੇ ਚਾਹੀਦੇ ਹਨ। ਉਸਨੇ ਕਿਹਾ ਕਿ ਚੀਫ ਆਫ ਡਿਫੈਂਸ ਸਟਾਫ ਨੂੰ ਦੇਸ਼ ਦੀ ਸੁਰੱਖਿਆ ਨਾਲ ਸਬੰਧਤ ਨੀਤੀ ਸਮੂਹਾਂ ਅਤੇ ਫੌਜੀ ਕਮਾਂਡ ਕਮੇਟੀਆਂ ਦਾ ਸਥਾਈ ਮੈਂਬਰ ਬਣਾਇਆ ਜਾਣਾ ਚਾਹੀਦਾ ਹੈ ਅਤੇ ਕੌਮੀ ਸੁਰੱਖਿਆ ਨਾਲ ਅੰਤਰ ਮੰਤਰਾਲਾਂ ਸਮੂਹਾਂ ਦੀਆਂ ਚਰਚਾਵਾਂ ਵਿਚ ਵੀ ਉਸਦੀ ਭੁਮਿਕਾ ਹੋਵੇ। ਇਸ ਮੌਕੇ ਲੈਫੀ: ਜਨਰਲ ਸਤੀਸ਼ ਦੁਆ ਨੇ ਵੀ ਸ਼੍ਰੋਤਿਆਂ ਨਾਲ ਇਸ ਵਿਸ਼ੇ ਤੇ ਸਾਂਝ ਪਾਉਂਦਿਆਂ ਕਿਹਾ ਕਿ ਭਾਰਤ ਜਿਸ ਦੀਆਂ ਦੋ ਸੰਦੇਨਸ਼ੀਲ ਸਰਹੱਦਾਂ ਹਨ ਅਤੇ ਭਾਰਤ ਦੇ ਆਪਣੇ ਸਮੇਤ ਦੋਨੋਂ ਗੁਆਂਢੀ ਪ੍ਰਮਾਣੂ ਸ਼ਕਤੀ ਸੰਪਨ ਹਨ ਤਾਂ ਅਜਿਹੇ ਵਿਚ ਸਾਡੇ ਮੁਲਕ ਲਈ ਚੀਫ ਆਫ ਡਿਫੈਂਸ ਸਟਾਫ ਦੀ ਨਿਯੁਕਤੀ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਇਸ ਮੌਕੇ ਸ਼੍ਰੋਤਿਆਂ ਦੇ ਸਵਾਲਾਂ ਦੇ ਜਵਾਬ ਵੀ ਮਾਹਿਰਾਂ ਨੇ ਦਿੱਤੇ।