ਚੰਡੀਗੜ : ਮਿਲਟਰੀ ਲਿਟਰੇਚਰ ਫੈਸਟੀਵਲ 2020 ਦੇ ਦੂਜੇ ਦਿਨ ਦੀ ਸ਼ਾਮ ਨੂੰ ਹੋਏ ਸੈਸ਼ਨ ਦੌਰਾਨ ਰੱਖਿਆ ਤਿਆਰੀਆਂ ਪ੍ਰਤੀ ਸਵੈ-ਨਿਰਭਰਤਾ ਵਿਸ਼ੇ ’ਤੇ ਵਿਚਾਰਚਰਚਾ ਕੀਤੀ ਗਈ।
ਸੈਸ਼ਨ ਦਾ ਸੰਚਾਲਨ ਐਮ ਵੀ ਕੋਤਵਾਲ, ਮੈਂਬਰ ਐਲ ਐਂਡ ਟੀ ਬੋਰਡ ਵੱਲੋਂ ਕੀਤਾ ਗਿਆ ਅਤੇ ਪ੍ਰਮੁੱਖ ਐਂਕਰ ਅਤੇ ਐਡੀਟਰ ਐਨਡੀਟੀਵੀ ਵਿਸ਼ਨੂੰ ਸੋਮ, ਪੱਤਰਕਾਰ ਰਾਹੁਲ ਬੇਦੀ, ਬਿ੍ਰਗੇਡੀਅਰ ਸੁਰੇਸ਼ ਗੰਗਾਧਰਨ, ਸੰਸਦ ਮੈਂਬਰ ਰਾਜੀਵ ਚੰਦਰਸ਼ੇਖਰ ਅਤੇ ਕਾਰਪੋਰੇਟ ਸੈਕਟਰ ਤੋਂ ਹਰਪਾਲ ਸਿੰਘ ਉੱਘੇ ਪੈਨੇਲਿਸਟਾਂ ਵਜੋਂ ਇਸ ਸੈਸ਼ਨ ਵਿੱਚ ਸ਼ਾਮਲ ਹੋਏ।
ਭਾਰਤ ਵਿਸ਼ਵ ਬਜ਼ਾਰ ਵਿਚ ਰੱਖਿਆ ਉਪਕਰਣਾਂ ਦੇ ਸਭ ਤੋਂ ਵੱਡੇ ਖਰੀਦਦਾਰਾਂ ਵਿਚੋਂ ਇਕ ਹੈ। ਇਹ ‘ਮੇਕ ਇਨ ਇੰਡੀਆ’ਦੇ ਪੂਰੀ ਤਰਾਂ ਉੱਲਟ ਹੈ ਜਿਸ ਦਾ ਅੱਜ ਪ੍ਰਚਾਰ ਕੀਤਾ ਜਾ ਰਿਹਾ ਹੈ। ਸੰਚਾਲਕ ਐਮ.ਵੀ. ਕੋਤਵਾਲ ਨੇ ਵਿਚਾਰ ਵਟਾਂਦਰੇ ਦੀ ਸਾਰ ਪੇਸ਼ ਕੀਤਾ ਕਿਉਂਕਿ ਪੈਨਲ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਸਹਿਮਤੀ ਦਿੱਤੀ ਗਈ ਕਿ ਤਕਨਾਲੋਜੀ ਦੇ ਹਰ ਹਿੱਸੇ ਨੂੰ ਸਵਦੇਸ਼ੀ ਰੂਪ ਨਾਲ ਬਣਾਉਣ ਵਿਚ ਕੋਈ ਸਿਆਣਪ ਨਹੀਂ ਹੈ ਪਰ ਦੇਸ਼ ਨੂੰ ਰਣਨੀਤਿਕ ਤੌਰ ‘ਤੇ ਮਹੱਤਵਪੂਰਨ ਹਿੱਸੇ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਉਸਦੇ ਵਿਕਾਸ ਉੱਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਮੁੱਖ ਖੇਤਰਾਂ ਵਿਚ ਨਿਵੇਸ਼ ਕਰਨ ਦੀ ਇਕ ਲੰਮੀ ਰਣਨੀਤੀ ਨਾਲ, ਰਾਸ਼ਟਰੀ ਸੁਰੱਖਿਆ ਨੀਤੀ ਨੂੰ ਰਾਜਨੀਤਿਕ ਸੋਚ ਤੋਂ ਪਰੇ ਰੱਖਣ ਦੀ ਜ਼ਰੂਰਤ ਇਸ ਵਿਚਾਰ-ਵਟਾਂਦਰੇ ਦਾ ਮੁੱਖ ਧੁਰਾ ਸੀ।
ਬਿ੍ਰਗੇ. ਸੁਰੇਸ਼ ਗੰਗਾਧਰਨ ਨੇ ਰੱਖਿਆ ਸੂਚੀ ਦੇ ਮਾਨਕੀਕਰਨ ਦੀ ਵਕਾਲਤ ਕੀਤੀ। ਉਹਨਾਂ ਮਿਲਟਰੀ, ਆਰ ਐਂਡ ਡੀ, ਅਕਾਦਮਿਕਤਾ ਅਤੇ ਉਦਯੋਗ ਦੇ ਸਹਿਜ ਏਕੀਕਰਣ ਦੀ ਗੱਲ ਕੀਤੀ।
ਹਰਪਾਲ ਸਿੰਘ ਵਲੋਂ ਰਾਸ਼ਟਰੀ ਸੁਰੱਖਿਆ ਬਾਰੇ ਨਾਗਰਿਕ ਦਾ ਨਜ਼ਰੀਆ ਪੇਸ਼ ਕੀਤਾ ਗਿਆ ਅਤੇ ਉਹਨਾਂ ਦੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਕੀ ਸਾਡੀ ਰੱਖਿਆ ਪ੍ਰਣਾਲੀ ਦੇਸ਼ ਦੀ ਰੱਖਿਆ ਲਈ ਸੁਤੰਤਰ ਤੌਰ ’ਤੇ ਹਥਿਆਰ ਬਣਾਉਣ ਕਰਨ ਲਈ ਨਿਪੁੰਨ ਹੈ ਜਾਂ ਅਸੀਂ ਅਜੇ ਵੀ ਆਪਣੀ ਰੱਖਿਆ ਲਈ ਦੂਜੇ ਦੇਸ਼ਾਂ ’ਤੇ ਨਿਰਭਰ ਕਰਦੇ ਹਾਂ।
ਵਿਸ਼ਨੂੰ ਸੋਮ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਵਿੱਚ, ਅਸੀਂ ਹਥਿਆਰ ਬਣਾਉਣ ਵਿੱਚ ਸ਼ਾਨਦਾਰ ਕਦਮ ਚੁੱਕੇ ਹਨ। ਅਸੀਂ ਵਿਸ਼ਵ ਪੱਧਰੀ/ਅਤਿ ਆਧੁਨਿਕ ਮਿਜ਼ਾਈਲਾਂ ਦਾ ਨਿਰਮਾਣ ਅਤੇ ਡਿਜਾਈਨ ਕਰ ਸਕਦੇ ਹਾਂ। ਪਰ, ਸਾਡੇ ਸਵਦੇਸ਼ੀ ਨਿਰਮਾਣ ਵਿੱਚ ਕਈ ਪ੍ਰਕਾਰ ਦੇ ਸੰਕਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਾਰਨ ਇਨਕਾਰਯੋਗਤਾ ਪੈਦਾ ਹੁੰਦੀ ਹੈ ਅਤੇ ਇਸ ਤਰਾਂ ਹਥਿਆਰਾਂ ਦੀ ਦਰਾਮਦ ਕਰਨ ਨੂੰ ਤਰਜੀਹ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਇਸ ਨੂੰ ਪ੍ਰਾਜੈਕਟਾਂ ਲਈ ਲੋੜੀਂਦੇ ਵਿੱਤ ਦੀ ਵਿਵਸਥਾ ਨਾਲ ਹੱਲ ਕਰਨ ਦੀ ਜ਼ਰੂਰਤ ਹੈ ਕਿਉਂਕਿ ਜਦੋਂ ਤੱਕ ਉਤਪਾਦਨ ਦਾ ਪੈਮਾਨਾ ਵੱਡਾ ਹੋਵੇਗਾ, ਆਪਣੇ ਦੇਸ਼ ਵਿਚ ਹਥਿਆਰ ਸਸਤੇ ਨਹੀਂ ਬਣਨਗੇ।
ਰਾਹੁਲ ਬੇਦੀ ਨੇ ਆਪਣਾ ਵਿਚਾਰ ਰੱਖਦਿਆਂ ਕਿਹਾ ਕਿ ਰੱਖਿਆ ਨਿਰਮਾਣ ਵਿਚ ਨੀਤੀਆਂ ਅਤੇ ਏਜੰਸੀਆਂ ਦੀ ਬਹੁਤਾਤ ਨਾਲ ਭੰਬਲ-ਭੂਸੇ ਵਾਲੀ ਸਥਿਤੀ ਪੈਦਾ ਹੋ ਜਾਂਦੀ ਹੈ ਅਤੇ ਦੇਸੀਕਰਨ ਦੀ ਪ੍ਰਕਿ੍ਰਆ ਵਿਚ ਬਹੁਤ ਸਾਰੀਆਂ ਗਲ਼ਤਫਹਿਮੀਆਂ ਖੜੀਆਂ ਹੋ ਜਾਂਦੀਆਂ ਹਨ। ਭਾਵੇਂ ਇੱਕ ਸਿਧਾਂਤ ਵਜੋਂ ਸਵੈ-ਨਿਰਭਰਤਾ ਲਈ ਜੱਦੋ-ਜਹਿਦ ਲਈ ਉੱਤਮ ਹੈ ਪਰ ਮੂਲ ਰੂਪ ਵਿੱਚ ਸਾਨੂੰ ਇੱਕ ਸੰਪੂਰਨ ਢੰਗ ਲੱਭਣ ਦੀ ਲੋੜ ਹੈ। ਨਿੱਜੀ ਖੇਤਰ ਅਤੇ ਜਨਤਕ ਖੇਤਰ ਦਰਮਿਆਨ ਕੋਈ ਲੜਾਈ ਨਹੀਂ ਹੋਣੀ ਚਾਹੀਦੀ।
ਰਾਜੀਵ ਚੰਦਰਸ਼ੇਖਰ ਨੇ ਸੁਝਾਅ ਦਿੱਤਾ ਕਿ ਸਾਨੂੰ ਲੈਬ ਵਿੱਚ ਬੈਠ ਕੇ ਤਿਆਰ ਕੀਤੇ ਵਿਕਾਸ ਦੇ ਮੌਜੂਦਾ ਢਾਂਚੇ ’ਤੇ ਨਿਰਭਰ ਨਹੀਂ ਰਹਿਣ ਚਾਹੀਦਾ। ਸਗੋਂ ਵਿਚਾਰਾਂ ਲਈ ਵਧੇਰੇ ਗਤੀਸ਼ੀਲ ਤੇ ਸਾਕਾਰਾਤਮਕ ਵਾਤਾਵਰਣ ਹੋਣਾ ਚਾਹੀਦਾ ਹੈ। ਸਾਨੂੰ ਇਕ ਨਮੂਨਾ ਵਿਕਸਿਤ ਕਰਨ ਦੀ ਲੋੜ ਹੈ ਜੋ ਇੱਕ ਰਾਸ਼ਟਰ ਵਜੋਂ ਸਾਡੇ ਉਦੇਸਾਂ ਅਤੇ ਉਮੀਦਾਂ ’ਤੇ ਖ਼ਰਾ ਉੱਤਰ ਸਕੇ।