ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਮਾਮਲੇ ਵਿੱਚ ਡੀ.ਐਚ.ਓ. ਬਰਨਾਲਾ ਸਮੇਤ ਤਿੰਨ ਮੁਲਾਜ਼ਮਾਂ ‘ਤੇ ਕੇਸ ਦਰਜ਼ – ਦੋ ਗ੍ਰਿਫ਼ਤਾਰ
ਪਟਿਆਲਾ, 6 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ) : ਭ੍ਰਿਸ਼ਟਚਾਰ ਨੂੰ ਰੋਕਣ ਲਈ ਸਰਗਰਮ ਚੌਕਸੀ ਪੁਲਿਸ ਨੇ ਡੀ.ਐਚ.ਓ. ਬਰਨਾਲਾ ਰਾਜ ਕੁਮਾਰ, ਫੂਡ ਸੇਫਟੀ ਅਫ਼ਸਰ ਦਫ਼ਤਰ ਸਿਵਲ ਸਰਜਨ ਬਰਨਾਲਾ ਅਭਿਨਵ ਖੋਸਲਾ ਅਤੇ ਡਰਾਈਵਰ ਦਫ਼ਤਰ ਸਿਵਲ ਸਰਜਨ ਬਰਨਾਲਾ ਜਗਪਾਲ ਸਿੰਘ ‘ਤੇ ਰਿਸ਼ਵਤ ਲੈਣ ਦਾ ਮਾਮਲਾ ਦਰਜ਼ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਵਿਜੀਲੈਂਸ ਬਿਊਰੋ, ਪਟਿਆਲਾ ਰਂੇਜ ਦੇ ਸੀਨੀਅਰ ਕਪਤਾਨ ਪੁਲਿਸ ਸ੍ਰੀ ਜਸਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਵਿਜੀਲੈਂਸ ਬਿਓਰੋ ਪਟਿਆਲਾ ਵੱਲੋਂ ਉਕਤ ਤਿੰਨਾਂ ਵਿਅਕਤੀਆਂ ਖਿਲਾਫ਼ ਮੁਕੱਦਮਾ ਨੰਬਰ 20 ਮਿਤੀ 05-12-2019 ਅ/ਧ 7 ਪੀ.ਸੀ.ਐਕਟ 1988 (ਅਮੈਂਡਮੈਂਟ-2018) ਅਤੇ 120-ਬੀ, ਆਈ.ਪੀ.ਸੀ, ਥਾਣਾ ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ ਵਿਖੇ ਦਰਜ਼ ਕੀਤਾ ਗਿਆ ਹੈ।
ਵਿਜੀਲੈਂਸ ਦੇ ਐਸ.ਐਸ.ਪੀ. ਸ. ਸਿੱਧੂ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਸ੍ਰੀ ਰਿਸ਼ਵ ਜੈਨ ਪੁੱਤਰ ਸ੍ਰੀ ਜਗਜੀਵਨ ਕੁਮਾਰ ਸਦਰ ਬਾਜ਼ਾਰ, ਗੁਰਦੁਆਰਾ ਗਲੀ, ਚੌੜਾ ਮੋਰਚਾ, ਬਰਨਾਲਾ ਦਾ ਕਨਫੈਕਸ਼ਨਰੀ ਦਾ ਕਾਰੋਬਾਰ ਹੈ, ਜਿਸਦਾ ਸਟੋਰ ਪਿੰਡ ਸੰਘੇੜਾ ਵਿੱਚ ਹੈ। ਮੁਦੱਈ ਵੱਲੋਂ ਕਨਫੈਕਸ਼ਨਰੀ ਦਾ ਸਮਾਨ ਸਪਲਾਈ ਕੀਤਾ ਜਾਂਦਾ ਹੈ। ਮੁਦੱਈ ਦਾ ਕਰੀਬ ਇੱਕ ਸਾਲ ਪਹਿਲ੍ਹਾਂ ਰਾਜ ਕੁਮਾਰ, ਡੀ.ਐਚ.ਓ, ਬਰਨਾਲਾ ਨੇ ਟੋਫੀਆਂ/ਗੋਲੀਆਂ ਦਾ ਸੈਂਪਲ ਭਰਨ ਉਪਰੰਤ ਚੈਕ ਕਰਨ ਲਈ ਲੈਬਾਰਟਰੀ ਭੇਜੇ ਸੀ, ਜੋ ਕਿ ਸਹੀ ਪਾਏ ਗਏ ਪਰ ਹੁਣ ਰਾਜ ਕੁਮਾਰ, ਡੀ.ਐਚ.ਓ, ਬਰਨਾਲਾ, ਅਭਿਨਵ ਖੋਸਲਾ, ਫੂਡ ਸੇਫਟੀ ਅਫ਼ਸਰ, ਅਤੇ ਜਗਪਾਲ ਸਿੰਘ, ਡਰਾਈਵਰ ਨੇ ਮੁਦੱਈ ਉਕਤ ਨੂੰ ਵਾਰ-2 ਤੰਗ ਪਰੇਸ਼ਨ ਕਰਦੇ ਆ ਰਹੇ ਹਨ, ਕਹਿੰਦੇ ਹਨ ਕਿ ਤੂੰ ਸਾਨੂੰ 50,000/-ਰੁਪਏ ਹਰ ਤਿੰਨ ਮਹੀਨੇ ਬਾਅਦ ਬਤੌਰ ਰਿਸ਼ਵਤ ਦਿਆ ਕਰ ਜੇ ਤੂੰ ਇਹ ਪੈਸੇ ਨਹੀਂ ਦੇਵੇਗਾਂ ਤਾਂ ਅਸੀਂ ਤੇਰੇ ਮਾਲ ਦਾ ਸੈਂਪਲ ਭਰਕੇ ਲੈਬਾਰਟਰੀ ਨੂੰ ਭੇਜ ਕੇ ਫੇਲ ਕਰਾਵਾਂਗੇ ਤੇ ਤੇਰੇ ਖਿਲਾਫ ਕਾਰਵਾਈ ਕਰਾਂਗੇ।
ਐਸ.ਐਸ.ਪੀ. ਨੇ ਦੱਸਿਆ ਸ਼ਿਕਾਇਤ ਕਰਤਾ ਨੇ ਇਹ ਵੀ ਦੱਸਿਆ ਕਿ ਤਿੰਨ ਮਹੀਨੇ ਪਹਿਲ੍ਹਾਂ 50,000/-ਰੁਪਏ ਬਤੌਰ ਰਿਸ਼ਵਤ ਵਜੋਂ ਉਕਤ ਤਿੰਨੋਂ ਲੈ ਗਏ ਸੀ। ਰਿਸ਼ਵਤ ਸਬੰਧੀ ਗੱਲਬਾਤ ਕਰਨ ਲਈ ਰਾਜ ਕੁਮਾਰ, ਡੀ.ਐਚ.ਓ ਨੇ ਮੁਦੱਈ ਉਕਤ ਨੂੰ ਆਪਣੀ ਕੋਠੀ ਬਰਨਾਲਾ ਵਿਖੇ ਬੁਲਾਇਆ ਸੀ, ਜਿਸ ਨਾਲ ਮੁਦੱਈ ਦੀ ਰਿਸ਼ਵਤ ਲੈਣ/ਦੇਣ ਸਬੰਧੀ ਗੱਲਬਾਤ ਹੋਈ, ਤੇ ਕਿਹਾ ਕਿ ਇਹ ਰਿਸ਼ਵਤ ਵਾਲੇ ਪੈਸੇ ਅਭਿਨਵ ਖੋਸਲਾ, ਫੂਡ ਸੇਫਟੀ ਅਫ਼ਸਰ, ਅਤੇ ਜਗਪਾਲ ਸਿੰਘ, ਡਰਾਈਵਰ ਨੂੰ ਦੇ ਦਈਂ, ਮੈਂ ਉਨ੍ਹਾਂ ਨੂੰ ਕਹਿ ਦਿੰਦਾ ਹਾਂ, ਜਿਸ ਤੇ ਕਾਰਵਾਈ ਕਰਦੇ ਹੋਏ 20,000/-ਰੁਪਏ ਬਤੋਰ ਰਿਸ਼ਵਤ ਵਜੋਂ ਲੈਂਦੇ ਦੋਸ਼ੀ ਅਭਿਨਵ ਖੋਸਲਾ, ਫੂਡ ਸੇਫਟੀ ਅਫ਼ਸਰ, ਦਫਤਰ ਸਿਵਲ ਸਰਜਨ, ਬਰਨਾਲਾ ਅਤੇ ਜਗਪਾਲ ਸਿੰਘ, ਡਰਾਈਵਰ, ਦਫਤਰ ਸਿਵਲ ਸਰਜਨ, ਬਰਨਾਲਾ ਨੂੰ ਸਰਕਾਰੀ ਗਵਾਹਾਂ ਸ੍ਰੀਮਤੀ ਹਰਦੀਪ ਕੌਰ, ਸੀਨੀਅਰ ਮੱਛੀ ਪਾਲਣ ਅਫ਼ਸਰ, ਪਟਿਆਲਾ ਅਤੇ ਸ੍ਰੀ ਗੁਰਜੀਤ ਸਿੰਘ, ਮੱਛੀ ਪਾਲਣ ਪ੍ਰਸਾਰ ਅਫ਼ਸਰ, ਬੀੜ੍ਹ ਦੋਸਾਝ, ਨਾਭਾ, ਜਿਲ੍ਹਾ ਪਟਿਆਲਾ ਦੀ ਹਾਜਰੀ ਵਿੱਚ ਬਰਨਾਲਾ ਤੋਂ ਇੰਸਪੈਕਟਰ ਪ੍ਰਿਤਪਾਲ ਸਿੰਘ ਵਿਜੀਲੈਂਸ ਬਿਓਰੋ, ਰੇਂਜ, ਪਟਿਆਲਾ ਵੱਲੋਂ ਮੌਕਾ ਪਰ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਜੀਲੈਂਸ ਟੀਮ ਵਿੱਚ ਏ.ਐਸ.ਆਈ ਕੁੰਦਨ ਸਿੰਘ, ਏ.ਐਸ.ਆਈ ਕੁਲਵਿੰਦਰ ਸਿੰਘ, ਸੀ-2 ਕਾਰਜ ਸਿੰਘ, ਸੀ-2 ਹਰਮੀਤ ਸਿੰਘ, ਸੀ-2 ਸ਼ਾਮ ਸੁੰਦਰ, ਸੀ-2 ਰਣਜੀਤ ਸਿੰਘ, ਸ.ਸਿਪਾਹੀ ਸੁਖਵਿੰਦਰ ਸਿੰਘ ਸਾਮਲ ਸਨ। ਐਸ.ਐਸ.ਪੀ. ਨੇ ਦੱਸਿਆ ਕਿ ਮੁਕੱਦਮਾ ਦੀ ਤਫ਼ਤੀਸ ਜਾਰੀ ਹੈ।