ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਨਵੰਬਰ
ਪੰਜਾਬੀ ਯੂਨੀਵਰਸਿਟੀ ਵਿੱਚ ਅੱਜ ਚਾਰ ਰੋਜ਼ਾ ‘ਅੰਤਰ ਖੇਤਰੀ ਯੁਵਕ ਤੇ ਲੋਕ ਮੇਲਾ’ ਸ਼ੁਰੂ ਹੋ ਗਿਆ। ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਵਿਭਾਗ ਦੇ ਇੰਚਾਰਜ ਡਾ. ਗਗਨਦੀਪ ਥਾਪਾ ਦੀ ਦੇਖ-ਰੇਖ ਹੇਠਾਂ ਕਰਵਾਏ ਜਾ ਰਹੇ ਇਸ ਯੁਵਕ ਮੇਲੇ ’ਚ ਵਿਦਿਆਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ‘ਗੁਰੂ ਤੇਗ ਬਹਾਦਰ ਹਾਲ’ ਵਿਦਿਆਰਥੀਆਂ ਦੀਆਂ ਤਾੜੀਆਂ ਅਤੇ ਸੀਟੀਆਂ ਨਾਲ ਗੂੰਜਦਾ ਰਿਹਾ। ਖਾਸ ਕਰਕੇ ਪੰਜਾਬੀ ਲੋਕ ਨਾਚ ਭੰਗੜੇ ਨੇ ਸਮੁੱਚਾ ਹਾਲ ਹੀ ਨੱਚਣ ਲਾ ਦਿੱਤਾ।
ਮੇਲੇ ਦਾ ਉਦਘਾਟਨ ਕਰਦਿਆਂ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਈ ਹੋਰ ਮੱਦਾਂ ’ਤੇ ਚਰਚਾ ਕਰਨ ਸਮੇਤ ਨੌਜਵਾਨਾਂ ਨੂੰ ਸਰਗਰਮ ਰਾਜਨੀਤੀ ਵਿੱਚ ਹਿੱਸਾ ਲੈਣ ਦਾ ਸੱਦਾ ਵੀ ਦਿੱਤਾ। ਗੁਰੂ ਗੋਬਿੰਦ ਸਿੰਘ ਵੱਲੋਂ ਸਿੱਖਾਂ ਨੂੰ ਕੀਤੇ ਗਏ 52 ਹੁਕਮਾਂ ਦਾ ਜ਼ਿਕਰ ਕਰਦਿਆਂ ਸ੍ਰੀ ਸੰਧਵਾਂ ਨੇ ਕਿਹਾ ਕਿ ਪੰਜਾਬ ਨਾਲ ਹੋਈਆਂ ਸਾਜਿਸ਼ਾਂ ਦੇ ਮੁਕਾਬਲੇ ਲਈ ਜ਼ਰੂਰੀ ਹੈ ਕਿ ਹਰੇਕ ਪੰਜਾਬੀ ਨੌਜਵਾਨ ਸਰਗਰਮ ਸਿਆਸਤ ਵਿੱਚ ਰੁਚੀ ਨਾਲ ਲਾਜ਼ਮੀ ਹਿੱਸਾ ਲਵੇ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਦੇ ‘ਰੰਗਲਾ ਪੰਜਾਬ’ ਬਣਾਉਣ ਦਾ ਸੁਪਨੇ ਨੂੰ ਪੂਰਾ ਕਰਨ ਲਈ ਵੀ ਨੌਜਵਾਨਾ ਦਾ ਅੱਗੇ ਆਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਯੂਨੀਵਰਸਿਟੀ ਨੂੰ ਵਿੱਤੀ ਤੌਰ ’ਤੇ ਪੈਰਾਂ ਸਿਰ ਕਰਨ ਲਈ ਇਸ ਦੀ ਬਾਂਹ ਫੜੀ ਹੈ। ਯੁਵਕ ਮੇਲੇ ਦੌਰਾਨ ਨੌਜਵਾਨਾਂ ਵੱਲੋਂ ਭੰਗੜੇ ਵਿੱਚ ਪਾਈਆਂ ਧਮਾਲਾਂ ਦੀ ਸ਼ਲਾਘਾ ਕਰਦਿਆਂ ਮੁੱਖ ਮਹਿਮਾਨ ਨੇ ਕਿਹਾ ਕਿ ਕੁਰਬਾਨੀਆਂ ਅਤੇ ਜ਼ਿੰਦਾਦਿਲੀ ਸਮੇਤ ਭੰਗੜਾ ਵੀ ਪੰਜਾਬੀਆਂ ਵਿਲੱਖਣ ਪਹਿਚਾਣ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਇਸ ਭੰਗੜੇ ਵਾਲੀ ਮਸਤੀ ਨੂੰ ਸਦਾ ਬਣਾ ਕੇ ਰੱਖਣ ਦਾ ਹੋਕਾ ਦਿੱਤਾ। ਇਸ ਯੁਵਕ ਮੇਲੇ ਲਈ ਉਨ੍ਹਾਂ 5 ਲੱਖ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ।
ਇਸ ਤੋਂ ਪਹਿਲਾਂ ਵਿਸ਼ੇਸ਼ ਮਹਿਮਾਨ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਨੇ ਨੌਜਵਾਨਾਂ ਨੂੰ ਸੱਦਾ ਕਿ ਜਿਸ ਜੋਸ਼ ਨਾਲ ਨੌਜਵਾਨ ਇਸ ਖੇਤਰੀ ਯੁਵਕ ਮੇਲੇ ਦਾ ਆਨੰਦ ਮਾਣ ਰਹੇ ਹਨ, ਉਸੇ ਜੋਸ਼ ਨਾਲ ਅਕਾਦਮਿਕ, ਖੇਡਾਂ ਤੇ ਆਪਣੇ ਚੁਣੇ ਖੇਤਰ ਵਿੱਚ ਵੀ ਜੋਸ਼ ਮੱਠਾ ਨਾ ਪੈਣ ਦੇਣ। ਸਮਾਗਮ ਨੂੰ ਸੰਬੋਧਨ ਕਰਦਿਆਂ, ਉਪ ਕੁਲਪਤੀ ਪ੍ਰੋ. ਅਰਵਿੰਦ ਨੇ ਅੰਤਰ ਖੇਤਰੀ ਯੁਵਕ ਤੇ ਲੋਕ ਮੇਲੇ ਦੀ ਰੂਪ-ਰੇਖਾ ਦੱਸਦਿਆਂ ਕਿਹਾ ਕਿ ਯੂਨੀਵਰਸਿਟੀ ਹਰ ਖੇਤਰ ਵਿੱਚ ਮੱਲਾਂ ਮਾਰ ਰਹੀ ਹੈ। ਉਨ੍ਹਾਂ ਯੂਨੀਵਰਸਿਟੀ ਨੂੰ ਵਿੱਤੀ ਤੌਰ ’ਤੇ ਪੈਰਾਂ ਸਿਰ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ।