-ਕਿਸਾਨਾਂ ਨੂੰ 241 ਕਰੋੜ ਰੁਪਏ ਦੀ ਹੋਈ ਅਦਾਇਗੀ
ਪਟਿਆਲਾ, 10 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀਆਂ 109 ਮੰਡੀਆਂ ਵਿੱਚੋਂ 93 ਮੰਡੀਆਂ ਵਿੱਚ ਝੋਨੇ ਦੀ ਆਮਦ ਹੋ ਰਹੀ ਹੈ ਤੇ ਪਿਛਲੇ ਦਿਨ ਤੱਕ 1 ਲੱਖ 41 ਹਜ਼ਾਰ 098 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ ਅਤੇ ਇਸ ਵਿੱਚੋਂ ਹੁਣ ਤੱਕ 1 ਲੱਖ 37 ਹਜ਼ਾਰ 155 ਮੀਟ੍ਰਿਕ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਖ਼ਰੀਦੇ ਗਏ ਝੋਨੇ ਵਿਚੋਂ ਪਨਗਰੇਨ ਵੱਲੋਂ 59867 ਮੀਟਰਿਕ ਟਨ, ਮਾਰਕਫੈਡ ਵੱਲੋਂ 28228 ਮੀਟਰਿਕ ਟਨ, ਪਨਸਪ ਵੱਲੋਂ 27318 ਮੀਟਰਿਕ ਟਨ ਅਤੇ ਪੰਜਾਬ ਰਾਜ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 21742 ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਖਰੀਦ ਕੀਤੇ ਗਏ ਝੋਨੇ ਵਿਚੋਂ ਕਿਸਾਨਾਂ ਨੂੰ ਹੁਣ ਤੱਕ 241.05 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ।
ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਰਾਤ ਸਮੇਂ ਕੰਬਾਇਨਾਂ ਨਾਲ ਝੋਨੇ ਦੀ ਕਟਾਈ ਨਾ ਕਰਵਾਉਣ ਕਿਉਂਕਿ ਰਾਤ ਸਮੇਂ ਫ਼ਸਲ ਦੀ ਕਟਾਈ ਕਰਵਾਉਣ ਕਾਰਨ ਫ਼ਸਲ ਵਿੱਚ ਨਮੀਂ ਦੀ ਮਾਤਰਾ ਵੱਧ ਜਾਂਦੀ ਹੈ। ਜਿਸ ਕਾਰਨ ਖਰੀਦ ਏਜੰਸੀਆਂ ਵੱਧ ਨਮੀ ਵਾਲੀ ਫ਼ਸਲ ਖਰੀਦਣ ਤੋਂ ਅਸਮਰਥ ਹੁੰਦੀਆਂ ਹਨ। ਇਸ ਲਈ ਕਿਸਾਨ ਮੰਡੀਆਂ ਵਿੱਚ ਆਪਣੀ ਫ਼ਸਲ ਪੂਰੀ ਤਰ੍ਹਾਂ ਸੁਕਾ ਕੇ ਹੀ ਲੈ ਕੇ ਆਉਣ।