Web Desk- Harsimranjit Kaur
ਪਟਿਆਲਾ, 11 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)- ਅੱਜ ਕੌਮਾਂਤਰੀ ਬਾਲੜੀ ਦਿਵਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਵੱਲੋਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਦੌਰਾਨ ਇੱਥੇ 11 ਛੋਟੀਆਂ ਲੜਕੀਆਂ ਦੀ ਕੰਨਿਆ ਪੂਜਾ ਸਮੇਤ 21 ਵਿਦਿਆਰਥਣਾਂ ਨੂੰ ਖੇਡ ਕਿੱਟਾਂ ਨਾਲ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ 150 ਤੋਂ ਵਧੇਰੇ ਸੁਕੰਨਿਆ ਸਮਰਿਧੀ ਯੋਜਨਾ ਦੇ ਖਾਤੇ ਵੀ ਖੋਲ੍ਹੇ ਗਏ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਦੇ ਸਕੱਤਰ-ਕਮ-ਸੀ.ਜੇ.ਐਮ. ਪਰਮਿੰਦਰ ਕੌਰ ਨੇ ਦੱਸਿਆ ਕਿ ਇਸ ਦੌਰਾਨ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਮੁਫ਼ਤ ਕਾਨੂੰਨੀ ਜਾਗਰੂਕਤਾ ਲਈ ਸੈਮੀਨਾਰ ਵੀ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਲੜਕੀਆਂ ਅਤੇ ਮਹਿਲਾਵਾਂ ਨੂੰ ਉਨ੍ਹਾਂ ਦੇ ਹੱਕਾਂ ਤੇ ਅਧਿਕਾਰਾਂ ਸਮੇਤ ਲੜਕੀਆਂ ਦੇ ਬਚਾਅ ਲਈ ਵੱਖ-ਵੱਖ ਕਾਨੂੰਨਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਲੜਕੇ ਤੇ ਲੜਕੀ ‘ਚ ਕੋਈ ਫਰਕ ਨਹੀਂ ਸਗੋਂ ਮੌਜੂਦਾ ਦੌਰ ‘ਚ ਲੜਕੀਆਂ, ਮੁੰਡਿਆਂ ਤੋਂ ਵੀ ਅੱਗੇ ਹਨ।
ਬਾਲ ਵਿਕਾਸ ਅਤੇ ਪ੍ਰਾਜੈਕਟ ਅਫ਼ਸਰ, ਪਟਿਆਲਾ ਅਰਬਨ ਰੇਖਾ ਰਾਣੀ ਨੇ ਦੱਸਿਆ ਕਿ ਇਸ ਮੌਕੇ ਸੁਮਨ ਬੱਤਰਾ, ਡਾਕ ਘਰ ਤੋਂ ਵਿਨੋਦ ਕੁਮਾਰ ਤੇ ਟੀਮ ਸਮੇਤ ਆਂਗਣਵਾੜੀ ਵਰਕਰਾਂ ਤੇ ਸੁਪਰਵਾਇਜਰਾਂ ਸਮੇਤ ਵੱਡੀ ਗਿਣਤੀ ‘ਚ ਇਲਾਕੇ ਦੀਆਂ ਮਹਿਲਾਵਾਂ ਨੇ ਵੀ ਸ਼ਿਰਕਤ ਕੀਤੀ ਅਤੇ ਕੌਮਾਂਤਰੀ ਬਾਲੜੀ ਦਿਵਸ ਮੌਕੇ ਕੰਨਿਆ ਭਰੂਣ ਹੱਤਿਆ ਤੋਂ ਇਲਾਵਾ ਲੜਕੀਆਂ ਦੇ ਪਾਲਣ ਪੋਸ਼ਣ ਸਬੰਧੀ ਮਾਹਰਾਂ ਦੇ ਵਿਚਾਰ ਸੁਣੇ।