-ਕਿਸਾਨ ਖੇਤੀ ਮਸ਼ੀਨਰੀ ਲਈ ਵਟਸ ਐਪ ਚੈਟ ਬੋਟ 73800-16070 ‘ਤੇ ਕਰਨ ਸੰਪਰਕ : ਡਿਪਟੀ ਕਮਿਸ਼ਨਰ
-ਕਿਹਾ, ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਨੂੰ ਜੀਵਨ ‘ਚ ਅਪਣਾਉਣ ਦੀ ਲੋੜ
ਪਟਿਆਲਾ, 22 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)
ਪਟਿਆਲਾ ਜ਼ਿਲ੍ਹੇ ਵਿੱਚ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਲਈ ਇਨ ਸੀਟੂ ਤਕਨੀਕਾਂ ਦੀ ਵਰਤੋਂ ਕਰਨ ਲਈ ਜ਼ਿਲ੍ਹੇ ਦੀਆਂ 224 ਸਹਿਕਾਰੀ ਸਭਾਵਾਂ ਕੋਲ 1237 ਖੇਤੀਬਾੜੀ ਸੰਦ ਮੌਜੂਦ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ ਕੋਲ ਮੌਜੂਦ ਖੇਤੀ ਸੰਦ ਕਿਸਾਨ ਤੱਕ ਪਹੁੰਚਾਉਣ ਲਈ ਮਾਈਕਰੋ ਪਲਾਨਿੰਗ ਕੀਤੀ ਗਈ ਹੈ, ਤਾਂ ਜੋ ਸੀਜ਼ਨ ਦੌਰਾਨ ਉਪਲਬੱਧ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਹੋ ਸਕੇ।
ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਕੋਲ 324 ਹੈਪੀ ਸੀਡਰ, 53 ਸੁਪਰ ਸੀਡਰ, 32 ਪੈਡੀ ਸਟਰਾਅ ਚੋਪਰ, 118 ਮਲਚਰ, 122 ਆਰ.ਐਮ.ਬੀ. ਪਲਾਓ, 210 ਜ਼ੀਰੋ ਟਿੱਲ ਡਰਿੱਲ, 11 ਸੁਪਰ ਐਸ.ਐਮ.ਐਸ., 294 ਰੋਟਾਵੀਟਰ ਸਮੇਤ 73 ਟਰੈਕਟਰ ਵੀ ਮੌਜੂਦ ਹਨ, ਜੋ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਅਤੇ ਕਣਕ ਦੀ ਬਿਜਾਈ ਲਈ ਉਪਲਬੱਧ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੀ ਮਸ਼ੀਨਰੀ ਦੀ ਰਿਪੇਅਰ ਸਹਿਕਾਰੀ ਸਭਾਵਾਂ ਵੱਲੋਂ ਕਰਵਾਈ ਗਈ ਹੈ ਤੇ ਸੀਜ਼ਨ ਦੌਰਾਨ ਖਰਾਬ ਹੋਣ ‘ਤੇ ਵੀ ਮਸ਼ੀਨਰੀ ਦੀ ਤੁਰੰਤ ਮੁਰੰਮਤ ਲਈ ਸੰਦ ਬਣਾਉਣ ਵਾਲੀਆਂ ਕੰਪਨੀਆਂ ਨਾਲ ਤਾਲਮੇਲ ਕਰਕੇ ਨੋਡਲ ਅਫ਼ਸਰ ਲਗਾਏ ਗਏ ਹਨ, ਤਾਂ ਜੋ ਸੀਜ਼ਨ ਦੌਰਾਨ ਮਸ਼ੀਨਰੀ ‘ਚ ਆਈ ਖਰਾਬੀ ਨੂੰ ਤੁਰੰਤ ਠੀਕ ਕਰਵਾਇਆ ਜਾ ਸਕੇ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ ਵਿੱਚੋਂ ਮਸ਼ੀਨਰੀ ਲੈਣ ਲਈ ਕਿਸਾਨ ਸਿੱਧੇ ਤੌਰ ‘ਤੇ ਵੀ ਸੰਪਰਕ ਕਰ ਸਕਦੇ ਹਨ, ਜਾਂ ਫਿਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰ ਕੀਤੇ ਵਟਸ ਐਪ ਚੈਟ ਬੋਟ ਨੰਬਰ 73800-16070 ‘ਤੇ ਮੈਸੇਜ ਕਰਕੇ ਮਸ਼ੀਨਰੀ ਸਬੰਧੀ ਜਾਣਕਾਰੀ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਚੈਟ ਬੋਟ ‘ਤੇ ਸੰਪਰਕ ਕਰਨ ਵਾਲੇ ਕਿਸਾਨਾਂ ਨੂੰ ਕੰਟਰੋਲ ਰੂਮ ‘ਤੋਂ ਕਾਲ ਕਰਕੇ ਮਸ਼ੀਨਰੀ ਦੀ ਕਿਹੜੇ ਦਿਨ ਅਤੇ ਕਿਥੇ ਜ਼ਰੂਰਤ ਹੈ, ਸਬੰਧੀ ਜਾਣਕਾਰੀ ਲੈ ਕੇ ਖੇਤਰ ਦੇ ਨੋਡਲ ਅਫ਼ਸਰ ਨਾਲ ਸਾਂਝੀ ਕਰ ਦਿੱਤੀ ਜਾਂਦੀ ਹੈ ਤਾਂ ਜੋ ਮਸ਼ੀਨਰੀ ਸਮੇਂ ਸਿਰ ਕਿਸਾਨ ਤੱਕ ਪੁੱਜ ਸਕੇ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਤੇ ਸੁਮੱਚਾ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਦੀ ਪਰਾਲੀ ਪ੍ਰਬੰਧਨ ਕਰਨ ਲਈ ਸਹਾਇਤਾ ਕਰਨ ਲਈ ਕੰਮ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਉਣ ਵਾਲੀਆਂ ਪੀੜੀਆਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਪਰਾਲੀ ਨੂੰ ਖੇਤਾਂ ਵਿਚ ਮਿਲਾਉਣ, ਨਾ ਕਿ ਥੋੜੇ ਸਮੇਂ ਦੀ ਅਸਾਨੀ ਲਈ ਵੱਡਾ ਨੁਕਸਾਨ ਕਰਨ। ਉਨਾਂ ਕਿਹਾ ਕਿ ਸਾਨੂੰ ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਉਤੇ ਚੱਲਦੇ ਹੋਏ ਪਾਣੀ, ਧਰਤੀ ਤੇ ਹਵਾ ਨੂੰ ਦੂਸ਼ਿਤ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਧਰਤੀ ਉਤੇ ਜੀਵਨ ਬਣਾਈ ਰੱਖਣ ਲਈ ਵਾਤਾਵਰਣ ਸਭ ਤੋਂ ਅਹਿਮ ਹੈ।