ਫਿਰੋਜਪੁਰ, 18 ਸਤੰਬਰ (ਸੰਦੀਪ ਟੰਡਨ)- ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਤਲਾਸ਼ੀ ਦੌਰਾਨ 5 ਮੋਬਾਇਲ ਫੋਨ, ਇਕ ਦੇਸੀ ਚਾਰਜਰ ਤੇ ਇਕ ਈ-ਸਿਗਰਟ ਬਰਾਮਦ ਹੋਏ ਹਨ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 52-ਏ, ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏਐੱਸਆਈ ਰੋਸ਼ਲ ਲਾਲ ਨੇ ਦੱਸਿਆ ਕਿ ਪੱਤਰ ਨੰਬਰ 6551 ਰਾਹੀਂ ਹਰੀ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 16 ਸਤੰਬਰ 2021 ਨੂੰ ਕਰੀਬ ਰਾਤ 9.40 ਵਜੇ ਉਹ ਕੇਂਦਰੀ ਜੇਲ੍ਹ ਵਿਚ ਸਮੇਤ ਸਾਥੀ ਕਰਮਚਾਰੀਆਂ ਦੇ ਬਲਾਕ ਨੰਬਰ 2 ਦੇ ਬੈਰਕ ਨੰਬਰ 1 ਦੀ ਅਚਾਨਕ ਤਲਾਸ਼ੀ ਕੀਤੀ ਗਈ ਤਾਂ ਤਲਾਸ਼ੀ ਦੌਰਾਨ ਤਿੰਨ ਮੋਬਾਇਲ ਫੋਨ ਮਾਰਕਾ ਰੈਡਮੀ ਟੱਚ ਸਕਰੀਨ, ਸੈਮਸੰਗ ਕੀ-ਪੈਡ, ਰੀਅਲ ਮੀ ਟੱਚ ਸਕਰੀਨ ਸਮੇਤ ਬੈਟਰੀਆਂ ਤੇ ਸਿੰਮ ਕਾਰਡ ਬਰਾਮਦ ਹੋਏ। ਇਸ ਤੋਂ ਬਾਅਦ ਪੁਰਾਣੀ ਹਵਾਲਾਤ ਬੈਰਕ ਨੰਬਰ 8 ਦੀ ਤਲਾਸ਼ੀ ਦੌਰਾਨ 2 ਮੋਬਾਇਲ ਫੋਨ ਮਾਰਕਾ ਸੈਮਸੰਗ ਕੀ-ਪੈਡ, ਤੇ ਸੈਮਸੰਗ ਟੱਚ ਸਕਰੀਨ ਸਮੇਤ ਬੈਟਰੀਆਂ ਤੇ ਸਿੰਮ ਕਾਰਡ ਬਰਾਮਦ ਹੋਏ ਅਤੇ ਇਕ ਤਾਰਾਂ ਦਾ ਬਣਾਇਆ ਹੋਇਆ ਦੇਸੀ ਚਾਰਜਰ ਤੇ ਇਕ ਈ-ਸਿਗਰਟ ਮਾਰਕਾ ਰਿੱਚ ਕੰਪਨੀ ਦੀ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।