ਲੋਕ ਸਭਾ ’ਚੋਂ ਅੱਜ ਮੁਅੱਤਲ ਕੀਤੇ ਗਏ 33 ਮੈਂਬਰਾਂ ਵਿੱਚ ਸਭ ਤੋਂ ਵੱਡੀਆਂ ਵਿਰੋਧੀ ਪਾਰਟੀਆਂ ਕਾਂਗਰਸ ਤੇ ਡੀਐੱਮਕੇ ਦੇ ਮੈਂਬਰ ਵੀ ਸ਼ਾਮਲ ਹਨ। ਇਨ੍ਹਾਂ ’ਚੋਂ 30 ਮੈਂਬਰਾਂ ਨੂੰ ਸੰਸਦ ਦੇ ਬਾਕੀ ਰਹਿੰਦੇ ਸਰਦ ਰੁੱਤ ਇਜਲਾਸ ਲਈ ਜਦਕਿ ਤਿੰਨ ਮੈਂਬਰਾਂ ਨੂੰ ਮਰਿਆਦਾ ਕਮੇਟੀ ਦੀ ਰਿਪੋਰਟ ਆਉਣ ਤੱਕ ਮੁਅੱਤਲ ਕੀਤਾ ਗਿਆ ਹੈ। ਤਿੰਨ ਮੈਂਬਰ ਕੇ ਜੈਕੁਮਾਰ, ਵਿਜੈ ਵਸੰਤ ਅਤੇ ਅਬਦੁਲ ਖਾਲਿਕ ਨਾਅਰੇ ਮਾਰਦੇ ਹੋਏ ਸਪੀਕਰ ਦੀ ਸੀਟ ਨੇੜੇ ਪਹੁੰਚ ਗਏ ਸਨ। ਸਪੀਕਰ ਓਮ ਬਿਰਲਾ ਨੇ ਸੁਰੱਖਿਆ ’ਚ ਸੰਨ੍ਹ ਮਗਰੋਂ ਲੋਕ ਸਕੱਤਰੇਤ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਦੱਸਦਿਆਂ ਸਾਰੇ ਮੈਂਬਰਾਂ ਤੋਂ ਸਹਿਯੋਗ ਦੀ ਮੰਗ ਕੀਤੀ ਜਦਕਿ ਵਿਰੋਧੀ ਧਿਰ ਦੇ ਮੈਂਬਰ ਅਮਿਤ ਸ਼ਾਹ ਤੋਂ ਜਵਾਬ ਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ’ਤੇ ਅੜੇ ਰਹੇ। ਕੁਝ ਸੰਸਦ ਮੈਂਬਰਾਂ ਨੇ ਆਪਣੀਆਂ ਮੰਗਾਂ ਲਿਖੀਆਂ ਤਖਤੀਆਂ ਵੀ ਲਹਿਰਾਈਆਂ। ਸਪੀਕਰ ਬਿਰਲਾ ਨੇ ਤਖਤੀਆਂ ਦਿਖਾਏ ਜਾਣ ’ਤੇ ਇਤਰਾਜ਼ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਨਾਲ ਸੰਸਦ ਦੇ ਵੱਕਾਰ ਨੂੰ ਸੱਟ ਵੱਜਦੀ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਵੀ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਤਖਤੀਆਂ ਨਾ ਲਹਿਰਾਉਣ ਦੀ ਅਪੀਲ ਕੀਤੀ ਪਰ ਵਿਰੋਧੀ ਧਿਰ ਦੇ ਮੈਂਬਰਾਂ ਨੇ ਬਿਰਲਾ ਤੇ ਜੋਸ਼ੀ ਦੀਆਂ ਅਪੀਲਾਂ ਨੂੰ ਨਜ਼ਰਅੰਦਾਜ਼ ਕਰਦਿਆਂ ਹੰਗਾਮਾ ਜਾਰੀ ਰੱਖਿਆ ਜਿਸ ਕਾਰਨ ਲੋਕ ਸਭਾ ’ਚੋਂ ਵਿਰੋਧੀ ਧਿਰ ਦੇ 33 ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ।
ਰਾਜ ਸਭਾ ਵਿੱਚ ਵੀ ਅਜਿਹੀ ਹੀ ਕਾਰਵਾਈ ਕਰਦਿਆਂ 34 ਸੰਸਦ ਮੈਂਬਰਾਂ ਨੂੰ ਸਰਦ ਰੁੱਤ ਇਜਲਾਸ ਦੇ ਬਾਕੀ ਰਹਿੰਦੇ ਸੈਸ਼ਨ ਲਈ ਜਦਕਿ 11 ਮੈਂਬਰਾਂ ਨੂੰ ਮਰਿਆਦਾ ਕਮੇਟੀ ਦੀ ਰਿਪੋਰਟ ਆਉਣ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਸਦਨ ਦੇ ਰਹਿੰਦੇ ਸੈਸ਼ਨ ਲਈ 34 ਮੈਂਬਰਾਂ ਨੂੰ ਮੁਅੱਤਲ ਕਰਨ ਅਤੇ 11 ਹੋਰ ਵਿਰੋਧੀ ਧਿਰ ਦੇ ਮੈਂਬਰਾਂ ਦਾ ਮਾਮਲਾ ਮਰਿਆਦਾ ਕਮੇਟੀ ਕੋਲ ਭੇਜਣ ਲਈ ਸਦਨ ਦੇ ਨੇਤਾ ਪਿਊਸ਼ ਗੋਇਲ ਵੱਲੋਂ ਪੇਸ਼ ਇੱਕ ਮਤੇ ਨੂੰ ਪ੍ਰਵਾਨਗੀ ਦੇਣ ਤੋਂ ਬਾਅਦ ਇਨ੍ਹਾਂ ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਮਰਿਆਦਾ ਕਮੇਟੀ ਨੂੰ ਤਿੰਨ ਮਹੀਨੇ ਅੰਦਰ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਸਦਨ ਦੇ ਚੇਅਰਮੈਨ ਜਗਦੀਪ ਧਨਖੜ ਨੇ ਪਹਿਲਾਂ ਮੁਅੱਤਲ ਕੀਤੇ ਮੈਂਬਰਾਂ ਦਾ ਨਾਂ ਲਿਆ ਅਤੇ ਫਿਰ ਵੋਟਾਂ ਪੁਆਈਆਂ। ਇਸ ਮਤੇ ਨੂੰ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਭਾਜਪਾ ਦੇ ਸੰਸਦ ਮੈਂਬਰ ਪਿਊਸ਼ ਗੋਇਲ ਨੇ ਕਾਂਗਰਸ ਤੇ ਇਸ ਦੇ ਭਾਈਵਾਲਾਂ ਨੂੰ ਆਪਣੇ ਵਿਹਾਰ ਨਾਲ ਦੇਸ਼ ਨੂੰ ਸ਼ਰਮਿੰਦਾ ਕਰਨ ਦਾ ਦੋਸ਼ ਲਾਇਆ।