* ਕਣਕ ਦੇ ਸੁੰਗੜੇ ਤੇ ਚਮਕ ਫਿੱਕੀ ਵਾਲੇ ਦਾਣਿਆਂ ਦੀ ਕੀਮਤ ਕਟੌਤੀ ਵਾਪਸ ਲੈਣ ਲਈ ਪ੍ਰਧਾਨ ਮੰਤਰੀ ਤੁਰੰਤ ਦਖਲ ਦੇਣ -ਪਰਨੀਤ ਕੌਰ
ਪਟਿਆਲਾ, 30 ਅਪ੍ਰੈਲ (ਪੀਤੰਬਰ ਸ਼ਰਮਾ) : ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਪਏ ਬੇਮੌਸਮੇ ਮੀਂਹ ਕਰਕੇ ਕਣਕ ਦੇ ਮਾਜੂ ਪਏ ਅਤੇ ਬਦਰੰਗ ਹੋਏ ਦਾਣਿਆਂ ਦੀ ਖਰੀਦ ਸਬੰਧੀਂ ਨਿਰਧਾਰਤ ਸ਼ਰਤਾਂ ‘ਚ ਢਿੱਲ ਦਿੰਦਿਆਂ ਇਸ ਦੇ ਘੱਟੋ-ਘੱਟ ਸਮਰਥਨ ਮੁੱਲ ‘ਤੇ ਲਾਈ ਕਟੌਤੀ ਨੂੰ ਵਾਪਸ ਲੈਣ ਵਾਸਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਤੁਰੰਤ ਨਿਜੀ ਦਖਲ ਦੇਣ ਦੀ ਅਪੀਲ ਕੀਤੀ ਹੈ।
ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਲੰਘੇ ਦਿਨ ਪ੍ਰਧਾਨ ਮੰਤਰੀ ਨੂੰ ਕੀਤੀ ਆਪਣੀ ਅਪੀਲ ‘ਚ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਦੇ ਉਨ੍ਹਾਂ ਕਿਸਾਨਾਂ ਨੂੰ ਦੋਹਰੀ ਮਾਰ ਪਈ ਹੈ, ਜਿਹੜੇ ਇਸ ਸੰਕਟ ਦੇ ਸਮੇਂ ‘ਚ ਵੀ ਅਨੇਕਾਂ ਚੁਣੌਤੀਆਂ ਦੇ ਬਾਵਜੂਦ ਦੇਸ਼ ਵਾਸੀਆਂ ਦਾ ਪੇਟ ਭਰਨ ਲਈ ਤਨਦੇਹੀ ਨਾਲ ਲੱਗੇ ਹੋਏ ਹਨ।
ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰਾਲੇ ਵੱਲੋਂ ਸੁੰਗੜੇ ਦਾਣੇ ‘ਤੇ ਪ੍ਰਤੀ ਕੁਇੰਟਲ 4.81 ਰੁਪਏ ਤੋਂ 24.06 ਰੁਪਏ ਤੱਕ ਅਤੇ ਚਮਕ ਫਿੱਕੀ ਵਾਲੇ ਦਾਣਿਆਂ ‘ਤੇ 4.81 ਰੁਪਏ ਕੀਮਤ ਕਟੌਤੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਇਸ ਨਾਲ ਪਹਿਲਾਂ ਹੀ ਲੌਕਡਾਊਨ ਦੀ ਮਾਰ ਝੱਲ ਰਹੇ ਕਿਸਾਨਾਂ ਉਤੇ ਭਾਰੀ ਬੋਝ ਪਵੇਗਾ।
ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੇਂਦਰ ਸਰਕਾਰ ਤੋਂ ਕਿਸਾਨਾਂ ਦੀ ਪੁੱਤਾਂ ਵਾਗੂੰ ਪਾਲੀ ਫ਼ਸਲ ਦੀ ਕੀਮਤ ‘ਚ ਕਟੌਤੀ ਲਾਗੂ ਕੀਤੇ ਜਾਣ ਦੇ ਕਦਮ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਸੀ।
ਲੋਕ ਸਭਾ ਮੈਂਬਰ ਨੇ ਜੋਰ ਦੇ ਕੇ ਕਿਹਾ ਕਿ ਕੋਰੋਨਾ ਵਾਇਰਸ ਕਰਕੇ ਪੈਦਾ ਹੋਈ ਇਸ ਸੰਕਟ ਦੀ ਘੜੀ ਵਿੱਚ ਵੀ ਪੰਜਾਬ ਦਾ ਕਿਸਾਨ ਪੂਰੇ ਦੇਸ਼ ਨੂੰ ਭੋਜਨ ਮੁਹੱਈਆ ਕਰਵਾ ਰਿਹਾ ਹੈ ਇਸ ਲਈ ਅਜਿਹੇ ‘ਚ ਕਿਸਾਨਾਂ ਨੂੰ ਪਹਿਲਾਂ ਨਾਲੋਂ ਵੀ ਵੱਧ ਇਮਦਾਦ ਦੀ ਲੋੜ ਹੈ ਤਾਂ ਕਿ ਉਹ ਹੋਰ ਵਧੇਰੇ ਉਤਸ਼ਾਹ ਨਾਲ ਖੇਤੀ ਕਰਨ ਲਈ ਪ੍ਰੇਰਤ ਹੋ ਸਕਣ।