ਪਟਿਆਲਾ, 26 ਅਗਸਤ (ਕੰਵਲਜੀਤ ਕੰਬੋਜ)- ਪਟਿਆਲਾ ਦੇ ਸਿਊਣਾ ਪਿੰਡ ਦਾ ਰਹਿਣ ਵਾਲਾ ਕਿਸਾਨ ਜਗਤਾਰ ਸਿੰਘ ਉਮਰ 48 ਸਾਲ ਦੀ ਦਿੱਲੀ ਸੰਘਰਸ਼ ਦੇ ਵਿਚ ਜਾਂਦੇ ਹੋਏ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਜਗਤਾਰ ਸਿੰਘ ਦੀਆਂ 4 ਬੇਟੀਆਂ ਹਨ। ਉਨ੍ਹਾਂ ਦੀ ਘਰਵਾਲੀ ਲੋਕਾਂ ਦੇ ਘਰਾਂ ਦੇ ਵਿੱਚ ਭਾਂਡੇ ਮਾਂਜਦੀ ਹੈ ਅਤੇ ਉਨ੍ਹਾਂ ਦੇ ਘਰ ਦੀ ਹਾਲਤ ਵੀ ਬਹੁਤ ਹੀ ਖਸਤਾ ਹੈ ਕਿਸਾਨ ਜਗਤਾਰ ਸਿੰਘ 19 ਤਾਰੀਕ ਨੂੰ ਦਿੱਲੀ ਸੰਘਰਸ਼ ਦੇ ਵਿਚ ਸ਼ਾਮਿਲ ਹੋਣ ਲਈ ਜਾ ਰਹੇ ਸਨ। ਪਰਿਵਾਰ ਨੇ ਦੱਸਿਆ ਕਿ ਉਹ ਹਮੇਸ਼ਾ ਹੀ ਕਿਸਾਨੀ ਸੰਘਰਸ਼ ਦੀਆਂ ਗੱਲਾਂ ਕਰਦੇ ਸਨ। ਜੇਕਰ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਹਾਲੇ ਤੱਕ ਪਰਿਵਾਰ ਦੇ ਨਾਲ ਕੋਈ ਵੀ ਵਿਧਾਇਕ ਦੁੱਖ ਸਾਂਝਾ ਕਰਨ ਲਈ ਨਹੀਂ ਪਹੁੰਚਿਆ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਸ਼ਹੀਦ ਕਿਸਾਨ ਦੀ ਬੇਟੀ ਨੇ ਆਖਿਆ ਕਿ ਉਨ੍ਹਾਂ ਦੇ ਪਿਤਾ ਹਮੇਸ਼ਾਂ ਹੀ ਕਿਸਾਨੀ ਸੰਘਰਸ਼ ਦੀਆਂ ਗੱਲਾਂ ਕਰਦੇ ਸਨ। ਹਮੇਸ਼ਾ ਹੀ ਦਿੱਲੀ ਤੋਂ ਵਾਪਸ ਆ ਕੇ ਕਿਸਾਨਾਂ ਦੇ ਮਾਹੌਲ ਦੀ ਗੱਲਬਾਤ ਕਰਦੇ ਸਨ ਅਤੇ ਹਮੇਸ਼ਾ ਹੀ ਆਖਦੇ ਸਨ ਕਿ ਸਾਡੀ ਜਲਦ ਹੀ ਜਿੱਤ ਹੋਵੇਗੀ। ਆਖਰੀ ਸਮੇਂ ਦੇ ਵਿੱਚ ਵੀ ਘਰ ਤੋਂ ਨਿਕਲਣ ਵਕਤ ਆਪਣੇ ਬੱਚਿਆਂ ਦੇ ਨਾਲ ਗੱਲਬਾਤ ਕਰਕੇ ਗਏ ਸਨ ਕਿ ਸਾਡੀ ਜਲਦ ਜਿੱਤ ਹੋਵੇਗੀ ਲੇਕਿਨ ਮਾੜੇ ਵਕਤ ਦਾ ਕਿਸ ਨੂੰ ਪਤਾ ਸੀ ਕਿ ਕਿਸਾਨ ਜਗਤਾਰ ਸਿੰਘ ਦੀ ਦਿੱਲੀ ਸੰਘਰਸ਼ ਦੇ ਵਿੱਚ ਜਾਣ ਤੋਂ ਪਹਿਲਾਂ ਹੀ ਮੌਤ ਹੋ ਜਾਵੇਗੀ। ਇਸ ਮੌਕੇ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀਆਂ ਮਹਿਲਾਵਾਂ ਦੀ ਤਰਫ ਤੋਂ ਪਰਿਵਾਰ ਦੇ ਨਾਲ ਮੌਕੇ ਤੇ ਪਹੁੰਚ ਕੇ ਦੁੱਖ ਸਾਂਝਾ ਕੀਤਾ ਗਿਆ ਅਤੇ ਪਰਿਵਾਰ ਨੂੰ ਘਰ ਦਾ ਗੁਜਾਰਾ ਕਰਨ ਦੇ ਲਈ 42,240 ਰੁਪਏ ਦੀ ਰਕਮ ਦਿੱਤੀ ਗਈ। ਜਿਸ ਤੋਂ ਬਾਅਦ ਸ਼ਹੀਦ ਕਿਸਾਨ ਦੀ ਘਰਵਾਲੀ ਨੇ ਆਖਿਆ ਕਿ ਸਾਡੇ ਨਾਲ ਕਿਸੇ ਵੀ ਸਰਕਾਰ ਵੱਲੋਂ ਦੁੱਖ ਸਾਂਝਾ ਨਹੀਂ ਕੀਤਾ ਗਿਆ ਸਾਡੇ ਨਾਲ ਤਾਂ ਸਾਡੀਆਂ ਕਿਸਾਨ ਮਹਿਲਾਵਾਂ ਨੇ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੱਤਾ ਹੈ। ਹਾਲਾਕਿ ਵੱਡੇ ਸਵਾਲ ਖੜੇ ਹੁੰਦੇ ਹਨ ਕਿ ਹੁਣ ਸ਼ਹੀਦ ਕਿਸਾਨ ਜਗਤਾਰ ਸਿੰਘ ਦੀਆਂ 4 ਬੇਟੀਆਂ ਕਿਸ ਤਰ੍ਹਾਂ ਆਪਣਾ ਭਵਿੱਖ ਸਵਾਰਨ ਗਈਆਂ ਅਤੇ ਕਿਸ ਤਰ੍ਹਾਂ ਪਰਿਵਾਰ ਦਾ ਗੁਜ਼ਾਰਾ ਹੋਵੇਗਾ?