Web Desk -Harsimranjit Kaur
ਰੂਪਨਗਰ, 7 ਅਕਤੂਬਰ (ਚਮਨ ਲਾਲ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਕਿਹਾ ਕਿ ਬਹੁਤ ਸਾਰੇ ਹੋਣਹਾਰ ਵਿਦਿਆਰਥੀ ਸਰਕਾਰੀ ਸਕੂਲਾਂ ਦੇ ਤਜਰਬੇਕਾਰ ਅਧਿਆਪਕਾਂ ਕੋਲੋਂ ਸਿੱਖਿਅਤ ਹੋ ਕੇ ਦੇਸ਼ ਦੇ ਅਹਿਮ ਅਹੁਦਿਆਂ ‘ਤੇ ਪੁੱਜੇ ਹਨ, ਕੁੱਝ ਮਾਪਿਆਂ ‘ਚ ਮਾੜਾ ਰੁਝਾਨ ਸੀ, ਕਿ ਬੱਚੇ ਸਰਕਾਰੀ ਸਕੂਲਾਂ ਨਾਲੋਂ ਨਿੱਜੀ ਸਕੂਲਾਂ ‘ਚ ਜ਼ਿਆਦਾ ਸਿੱਖਿਅਤ ਹੋ ਸਕਦੇ ਹਨ, ਪਰ ਇਸੇ ਵਰ੍ਹੇ ਸਿੱਖਿਆ ਵਿਭਾਗ ਦੇ ਸਰਵੇਖਣ ਅਨੁਸਾਰ ਸਰਕਾਰੀ ਸਕੂਲਾਂ ਦੇ ਤਜਰਬੇਕਾਰ ਅਧਿਆਪਕ ਤੇ ਬੱਚੇ ਵਧੀਆ ਅੰਕ ਲੈ ਕੇ ਨਿੱਜੀ ਸਕੂਲਾਂ ਨਾਲ਼ੋਂ ਵਧੀਆ ਨਤੀਜੇ ਲਿਆਏ ਹਨ | ਉਹ ਅੱਜ ਹਸਪਤਾਲ ਦੀ ਫੇਰੀ ਮਗਰੋਂ ਆਪਣੇ ਵਾਹਨਾਂ ਦਾ ਕਾਫ਼ਲਾ ਉੱਥੇ ਹੀ ਛੱਡ ਕੇ ਅਚਾਨਕ ਹੀ ਭਰਤਗੜ੍ਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ‘ਚ ਪੁੱਜੇ ਸਨ | ਉਨ੍ਹਾਂ ਕਿਹਾ ਕਿ ਨਿੱਜੀ ਸਕੂਲਾਂ ‘ਚ ਗੈਰ ਤਜਰਬੇਕਾਰ ਅਧਿਆਪਕ ਨਿਗੂਣੀਆਂ ਤਨਖ਼ਾਹਾਂ ਲੈ ਕੇ ਬੱਚਿਆਂ ਦੇ ਕੀ ਭਵਿੱਖ ਸੰਵਾਰਨਗੇ, ਪਰ ਅਮੀਰ ਬੱਚੇ ਦੇ ਮਾਪੇ ਵਾਹਨ, ਵਰਦੀ ਆਦਿ ਦੀ ਸਹੂਲਤਾਂ ਦੇਖ ਕੇ ਭਰਮਾਏ ਜਾਂਦੇ ਹਨ, ਜਦਕਿ ਮਿਆਰੀ ਵਿੱਦਿਅਕ ਤਾਲੀਮ ਨਾ ਮਾਤਰ ਹੁੰਦੀ ਹੈ, ਜਦਕਿ ਸਰਕਾਰੀ ਸਕੂਲਾਂ ‘ਚ ਤਜਰਬੇਕਾਰ ਅਧਿਆਪਕ, ਲੋੜੀਂਦੀਆਂ ਸਹੂਲਤਾਂ ਮੁਹੱਈਆ ਹਨ, ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਸਰਕਾਰੀ ਸਕੂਲਾਂ ‘ਚ ਵੱਧ ਤੋਂ ਵੱਧ ਦਾਖਲ ਕਰਵਾਉਣ | ਇਸੇ ਦੌਰਾਨ ਰਾਣਾ ਕੰਵਰਪਾਲ ਸਿੰਘ ਨੇ ਪਿ੍ੰਸੀਪਲ ਵਿਜੈ ਕੁਮਾਰ ਸ਼ਰਮਾ ਤੋਂ ਵਿੱਦਿਅਕ ਨਤੀਜਿਆਂ ਤੇ ਹੋਰ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਿਲ ਕੀਤੀ ਤੇ ਸਬੰਧਿਤ ਅਧਿਆਪਕਾਂ ਕੋਲੋਂ ਬੱਚਿਆਂ ਦੀ ਗਿਣਤੀ ਜਾਣ ਕੇ ਖ਼ੁਸ਼ੀ ਵੀ ਪ੍ਰਗਟਾਉਂਦਿਆਂ ਕਿਹਾ ਕਿ ਰਾਜ ਸਰਕਾਰ ਬੱਚਿਆਂ ਦੇ ਵਧੀਆ ਭਵਿੱਖ ਲਈ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਏਗੀ | ਇਸ ਮੌਕੇ ਸਰਪੰਚ ਸੁਖਦੀਪ ਸਿੰਘ, ਚੇਅਰਪਰਸਨ ਕਿ੍ਸ਼ਨਾ ਬੈਂਸ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨਰਿੰਦਰ ਪੁਰੀ, ਚੌਧਰੀ ਸੁੱਚਾ ਸਿੰਘ, ਨੰਬਰਦਾਰ ਉਜਾਗਰ ਸਿੰਘ, ਸਰਪੰਚ ਮੋਹਣ ਸਿੰਘ ਭੁੱਲਰ, ਓਮੇਸ਼ ਪੁਰੀ, ਮੈਂਬਰ ਸੰਮਤੀ ਅਜਮੇਰ ਸਿੰਘ, ਸਾਬਕਾ ਸਰਪੰਚ ਯੋਗੇਸ਼ ਪੁਰੀ, ਮਾ. ਸ਼ਿਵ ਸਿੰਘ ਆਦਿ ਹਾਜ਼ਰ ਸਨ |