ਨਵੀਂ ਦਿੱਲੀ,3ਅਪ੍ਰੈਲ(ਪ੍ਰੈਸ ਕੀ ਤਾਕਤ)– ਵੀਰ ਸਾਵਰਕਰ ’ਤੇ ਟਿੱਪਣੀ ਕਰਨ ਤੋਂ ਬਾਅਦ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਰਾਹੁਲ ਭਾਵੇਂ ਦਸ ਜਨਮ ਲੈ ਲਵੇ ਪਰ ਉਹ ਕਦੇ ਵੀ ਸਾਵਰਕਰ ਵਰਗਾ ਨਹੀਂ ਬਣ ਸਕਣਗੇ।
ਸਾਵਰਕਰ ਜੀ ਨੇ ਆਪਣਾ ਸਾਰਾ ਜੀਵਨ ਆਜ਼ਾਦੀ ਲਈ ਸਮਰਪਿਤ ਕਰ ਦਿੱਤਾ ਅਤੇ ਰਾਹੁਲ ਗਾਂਧੀ ਆਪਣਾ ਪੂਰਾ ਸਮਾਂ ਬ੍ਰਿਟਿਸ਼ ਲੋਕਾਂ ਦੀ ਮਦਦ ਨਾਲ ਭਾਰਤੀ ਲੋਕਤੰਤਰ ਦੇ ਵਿਰੁੱਧ ਪ੍ਰਚਾਰ ਕਰਨ ’ਚ ਲਗਾ ਰਹੇ ਹਨ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਰਾਹੁਲ ਗਾਂਧੀ ਨੂੰ ਮੋਦੀ ਸਰਨੇਮ ਖ਼ਿਲਾਫ਼ ਇਤਰਾਜ਼ਯੋਗ ਬਿਆਨ ਦੇਣ ਲਈ ਮਾਣਹਾਨੀ ਦੇ ਇਕ ਮਾਮਲੇ ’ਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਲੋਕ ਸਭਾ ਦੀ ਮੈਂਬਰਸ਼ਿਪ ਵੀ ਰੱਦ ਕਰ ਦਿੱਤੀ ਗਈ ਸੀ। 25 ਮਾਰਚ ਨੂੰ ਇਸ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਸੀ, ‘ਮੇਰਾ ਨਾਮ ਸਾਵਰਕਰ ਨਹੀਂ, ਮੇਰਾ ਨਾਮ ਗਾਂਧੀ ਹੈ। ਗਾਂਧੀ ਕਿਸੇ ਤੋਂ ਮਾਫੀ ਨਹੀਂ ਮੰਗਦੇ ਹਨ।’