ਅੰਮ੍ਰਿਤਸਰ, 6 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ )- ਵਿਜੀਲੈਂਸ ਬਿਊਰੋ ਨੇ ਅੰਮ੍ਰਿਤਸਰ ਦੇ ਨਗਰ ਸੁਧਾਰ ਟਰੱਸਟ ਵਿਚ ਤਾਇਨਾਤ ਸਰਕਾਰੀ ਵਕੀਲ ਗੌਤਮ ਮਜੀਠੀਆ ਖ਼ਿਲਾਫ਼ 8 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਭ੍ਰਿਸ਼ਟਾਚਾਰ ਐਕਟ ਤਹਿਤ ਕੇਸ ਦਰਜ ਕੀਤਾ ਹੈ। ਮਜੀਠੀਆ ਨੂੰ ਫਿਲਹਾਲ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ। ਇਸ ਰਿਸ਼ਵਤਖੋਰੀ ਦੇ ਮਾਮਲੇ ਸਬੰਧੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿਚ ਗੌਤਮ ਮਜੀਠੀਆ ਨੋਟਾਂ ਦੇ ਬੰਡਲ ਲੈਂਦਿਆਂ ਸਾਫ਼ ਨਜ਼ਰ ਆ ਰਹੇ ਹਨ।
ਇਸ ਸਬੰਧੀ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਰੇਂਜ ਦੇ ਐੱਸ. ਐੱਸ. ਪੀ. ਵਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਜਤਿੰਦਰ ਕੁਮਾਰ ਨੇ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਮਲਕੀਅਤੀ ਵਾਲੀ ਜ਼ਮੀਨ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਵੱਲੋਂ ਐਕੁਆਇਰ ਕੀਤੀ ਗਈ ਹੈ। ਇਸ ਮਾਮਲੇ ਵਿਚ ਟਰੱਸਟ ਵਿਚ ਤਾਇਨਾਤ ਲਾਅ ਅਫ਼ਸਰ ਗੌਤਮ ਮਜੀਠੀਆ ਨੇ ਉਸ ਨੂੰ ਕਿਹਾ ਸੀ ਕਿ ਉਹ ਉਸ ਦੀ ਜ਼ਮੀਨ ਉਸ ਨੂੰ ਵਾਪਸ ਦਿਵਾ ਦੇਵੇਗਾ ਅਤੇ ਅਦਾਲਤੀ ਕਾਰਵਾਈ ਵਿਚ ਉਸ ਦੀ ਮਦਦ ਕਰੇਗਾ।
ਸ਼ਿਕਾਇਤਕਰਤਾ ਨੇ ਇਲਜ਼ਾਮ ਲਾਇਆ ਕਿ ਉਹ ਪਹਿਲਾਂ ਵੀ ਤਿੰਨ-ਚਾਰ ਵਾਰ ਮੋਟੀਆਂ ਰਕਮਾਂ ਲੈ ਚੁੱਕਾ ਹੈ। ਐੱਸ. ਐੱਸ. ਪੀ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਵਿਜੀਲੈਂਸ ਨੇ ਅੰਮ੍ਰਿਤਸਰ ਨਗਰ ਸੁਧਾਰ ਟੱਰਸਟ ਵਿਚ ਤਾਇਨਾਤ ਸਰਕਾਰੀ ਵਕੀਲ ਗੌਤਮ ਮਜੀਠੀਆ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ । ਉਨ੍ਹਾਂ ਕਿਹਾ ਕਿ ਹੁਣ ਤੱਕ ਉਸ ਦੀ ਗ੍ਰਿਫ਼ਤਾਰੀ ਨਹੀਂ ਹੋ ਈ। ਵਿਜੀਲੈਂਸ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ।