ਔਰਤਾਂ ਦੇ ਆਰਥਿਕ ਸਸ਼ਕਤੀਕਰਨ ਸਬੰਧੀ ਕਾਨਫਰੰਸ ਦਾ ਆਯੋਜਨ
ਚੰਡੀਗੜ੍ਹ, 20 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਆਰਥਿਕ ਸਸ਼ਕਤੀਕਰਨ ਦੀ ਵਚਨਬੱਧਤਾ ਤਹਿਤ ਕੰਮ ਕਰਦਿਆਂ ਔਰਤਾਂ ਦੇ ਆਰਥਿਕ ਸਸ਼ਕਤੀਕਰਨ ਸਬੰਧੀ ਵੱਖ-ਵੱਖ ਸਕੀਮਾਂ ਨੂੰ ਲਾਗੂ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਮਾਧਵੀ ਕਟਾਰੀਆ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਵਿਭਾਗ ਸੂਬੇ ਦੀਆਂ ਔਰਤਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਸਬੰਧੀ ਪੂਰੀ ਸੁਹਿਰਦਤਾ ਨਾਲ ਕੰਮ ਕਰ ਰਿਹਾ ਹੈ। ਇਸੇ ਉਦੇਸ਼ ਤਹਿਤ ਓਪਨ ਨੈਟਵਰਕ ਫਾਰਮ ਡਿਜੀਟਲ ਕਾਮਰਸ (ਓ.ਐਨ.ਡੀ.ਸੀ.) ਰਾਹੀਂ ਮਹਿਲਾ ਉਦਮੀ ਵਰਗ ਨੂੰ ਆਧੁਨਿਕ ਖਰੀਦੋ-ਫਰੋਖਤ ਦੇ ਤਰੀਕਿਆਂ ਤੋਂ ਹੋਰ ਜਾਣੂ ਕਰਵਾਉਣ ਦੇ ਮੰਤਵ ਨਾਲ ਇੱਕ ਕਾਨਫਰੰਸ ਆਪਣੇ ਦਫਤਰ ਸੈਕਟਰ 34 ਵਿਖੇ ਕਰਵਾਈ ਗਈ ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਦੇ ਛੋਟੇ ਅਤੇ ਮੱਧ ਵਰਗ ਦੇ ਉਦਮੀਆਂ ਤੱਕ ਪਹੁੰਚ ਵਧਾਉਣ ਲਈ ਵਿਭਾਗ ਵਲੋਂ ਇਹ ਕਾਨਫਰੰਸ ਕੀਤੀ ਗਈ। ਜਿਸ ਵਿੱਚ ਭਾਰਤ ਸਰਕਾਰ ਦੇ ਓ.ਐਨ.ਡੀ.ਸੀ ਦੇ ਵਿਕ੍ਰੇਤਾ ਐਪ ਦੇ ਡਾਇਰੈਕਟਰ ਸ੍ਰੀ ਬ੍ਰਿਜ ਪੁਰੋਹਿਤ ਨੇ ਦੱਸਿਆ ਕਿ ਓ.ਐਨ.ਡੀ.ਸੀ. ਪੰਜਾਬ ਲਈ ਲਾਹੇਵੰਦ ਹੋ ਸਕਦਾ ਹੈ ਅਤੇ ਦੂਜੇ ਰਾਜਾਂ ਤੋਂ ਕਾਮਯਾਬੀ ਦੇ ਅਨੁਭਵ ਦੱਸ ਕੇ ਪ੍ਰੈਜਨਟੇਸ਼ਨ ਦਿੱਤੀ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਨੇ ਕਾਨਫਰੰਸ ਵਿੱਚ ਭਾਗ ਲੈਣ ਵਾਲੇ ਅਧਿਕਾਰੀਆਂ ਨੂੰ ਕਿਹਾ ਕਿ ਓ.ਐਨ.ਡੀ.ਸੀ. ਰਾਹੀਂ ਅਸੀਂ ਆਪਣੇ ਛੋਟੇ ਅਤੇ ਘਰੇਲੂ ਉਦਮੀਆਂ ਨੂੰ ਅਤੇ ਸਵੈ ਸਹਾਇਤਾ ਗਰੁੱਪਾਂ ਨੂੰ ਇਸ ਸੈਲਰ ਐਪ ਨਾਲ ਜੋੜ ਕੇ ਉਨ੍ਹਾਂ ਦੀ ਆਮਦਨੀ ਵਿੱਚ ਵਾਧਾ ਕਰਨ ਲਈ ਸਹੀ ਮੌਕਾ ਉਪਲਬੱਧ ਕਰਵਾ ਸਕਦੇ ਹਾਂ। ਓ.ਐਨ.ਡੀ.ਸੀ. ਰਾਹੀਂ ਇਕ ਆਨਲਾਈਨ ਬਾਜਾਰ ਉਪਲਬੱਧ ਹੋਵੇਗਾ ਜਿਥੇ ਇਹ ਸਾਰੇ ਅਦਾਰੇ ਅਤੇ ਉਨ੍ਹਾਂ ਦੇ ਨਾਲ ਜੁੜੇ ਉਦਮੀ ਆਪਣੀਆਂ ਵਸਤੂਆਂ ਨੂੰ ਲੋਕਾਂ ਤੱਕ ਵੱਡੇ ਪੱਧਰ ਤੇ ਪਹੁੰਚਾ ਸਕਣਗੇ ਅਤੇ ਨਾਲ ਹੀ ਦੂਜੇ ਰਾਜਾਂ ਦੇ ਉਦਮੀਆਂ ਨਾਲ ਰਾਬਤਾ ਕਾਇਮ ਕਰ ਸਕਣਗੇ।
ਇਸ ਕਾਨਫਰੰਸ ਵਿੱਚ ਪੰਜਾਬ ਐਗਰੋਂ, ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ, ਪੰਜਾਬ ਖਾਦੀ ਬੋਰਡ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਵਲੋਂ ਹਿੱਸਾ ਲਿਆ ਗਿਆ।