ਨਵੀਂ ਦਿੱਲੀ, 5 ਸਤੰਬਰ (ਪ੍ਰੈਸ ਕੀ ਤਾਕਤ ਬਿਊਰੋ)
ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ’ਚ 400 ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾਈ ਗਈ। ਇਸ ਮੌਕੇ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਲੈਫਟੀਨੈਂਟ ਗਵਰਨਰ ਨਾਲ ਮਿਲ ਕੇ ਅੱਜ 400 ਨਵੀਆਂ ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਦਿੱਲੀ ਵਾਸੀਆਂ ਨੂੰ ਸੌਂਪੀਆਂ ਹਨ। ਇਹ ਬੱਸਾਂ ਸਬਸਿਡੀ ਸਕੀਮ ਦੀਆਂ 921 ਬੱਸਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਲਈ ਕੇਂਦਰ ਸਰਕਾਰ ਵੱਲੋਂ 417 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ ਅਤੇ ਦਿੱਲੀ ਸਰਕਾਰ 3674 ਕਰੋੜ ਰੁਪਏ ਖਰਚ ਕਰੇਗੀ। ਦਿੱਲੀ ਦੀਆਂ ਸੜਕਾਂ ‘ਤੇ ਹੁਣ ਕੁੱਲ 800 ਇਲੈਕਟ੍ਰਿਕ ਬੱਸਾਂ ਹਨ, ਜੋ ਦੇਸ਼ ਵਿਚ ਸਭ ਤੋਂ ਵੱਧ ਹਨ। ਸਰਕਾਰ ਟੀਚਾ 2025 ਦੇ ਅੰਤ ਤੱਕ ਦਿੱਲੀ ਦੀਆਂ ਸੜਕਾਂ ‘ਤੇ ਕੁੱਲ 8,000 ਇਲੈਕਟ੍ਰਿਕ ਬੱਸਾਂ ਲਿਆਉਣ ਦਾ ਹੈ। ਉਸ ਸਮੇਂ ਦਿੱਲੀ ਵਿੱਚ 10 ਹਜ਼ਾਰ ਤੋਂ ਵੱਧ ਬੱਸਾਂ ਹੋਣਗੀਆਂ, ਜਿਨ੍ਹਾਂ ਵਿੱਚੋਂ 80 ਫੀਸਦ ਇਲੈਕਟ੍ਰਿਕ ਹੋਣਗੀਆਂ। ਬਹੁਤ ਜਲਦੀ ਦਿੱਲੀ ਵੀ ਆਪਣੀਆਂ ਸ਼ਾਨਦਾਰ ਇਲੈਕਟ੍ਰਿਕ ਬੱਸਾਂ ਲਈ ਪੂਰੀ ਦੁਨੀਆ ਵਿੱਚ ਜਾਣੀ ਜਾਵੇਗੀ।

