ਬੌਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਆਪਣੇ ਪਤੀ ਰਣਬੀਰ ਕਪੂਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਆਲੀਆ ਨੇ ਆਪਣੇ ਇੰਸਟਗ੍ਰਾਮ ਖਾਤੇ ’ਤੇ ਰਣਵੀਰ ਦੀਆਂ ਕੁਝ ਅਣਦੇਖੀਆਂ ਅਤੇ ਦਿਲ-ਖਿੱਚਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਨਾਲ ਹੀ ਇੱਕ ਪਿਆਰਾ ਜਿਹਾ ਸੁਨੇਹਾ ਲਿਖਿਆ ਹੈ। ਪਹਿਲੀ ਤਸਵੀਰ ਵਿੱਚ ਆਲੀਆ ਵੱਲੋਂ ਰਣਬੀਰ ਨੂੰ ਚੁੰਮਦੇ ਹੋਏ ਦੇਖਿਆ ਜਾ ਸਕਦਾ ਹੈ ਜਦਕਿ ਹੋਰ ਤਸਵੀਰਾਂ ’ਚ ਜੋੜਾ ਬਾਸਕਟਬਾਲ ਮੈਚ ਦਾ ਆਨੰਦ ਮਾਣਦਾ ਦਿਖਾਈ ਦੇ ਰਿਹਾ ਹੈ। ਉਸ ਨੇ ਤਸਵੀਰਾਂ ਦੀ ਕੈਪਸ਼ਨ ’ਚ ਲਿਖਿਆ, ‘‘ਮੇਰਾ ਪਿਆਰ, ਮੇਰਾ ਸਭ ਤੋਂ ਵਧੀਆ ਦੋਸਤ। ਮੇਰੀ ਸਭ ਤੋਂ ਵੱਧ ਖੁਸ਼ੀ ਵਾਲੀ ਜਗ੍ਹਾ। ਮੈਂ ਬਸ ਇੰਨਾ ਹੀ ਕਹਿਣਾ ਚਾਹਾਂਗੀ… ਜਨਮ ਦਿਨ ਮੁਬਾਰਕ। ਤੁਸੀਂ ਇਸ ਨੂੰ ਜਾਦੂਈ ਬਣਾਉਂਦੇ ਹੋ।’’ ਇਸੇ ਤਰ੍ਹਾਂ ਉੱਘੀ ਅਦਾਕਾਰਾ ਨੀਤੂ ਸਿੰਘ ਨੇ ਆਪਣੇ ਬੇਟੇ ਰਣਬੀਰ ਕਪੂਰ ਨੂੰ ਉਸ ਦੇ 41ਵੇਂ ਜਨਮ ਦਿਨ ਦੀ ਵਧਾਈ ਦਿੱਤੀ ਹੈ। ਨੀਤੂ ਸਿੰਘ ਨੇ ਇੰਸਟਾਗ੍ਰਾਮ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਨਿ੍ਹਾਂ ਵਿੱਚ ਮੇਜ਼ ’ਤੇ ਰੱਖੇ ਦੋ ਕੇਕ ਦਿਖਾਈ ਦੇ ਰਹੇ ਹਨ। ਨੀਤੂ ਸਿੰਘ ਨੇ ਆਖਿਆ, ‘‘ਮੇਰੇ ਸਭ ਤੋਂ ਖਾਸ ਨੂੰ ਜਨਮ ਦਿਨ ਮੁਬਾਰਕ।’’ ਇਸ ਤੋਂ ਇਲਾਵਾ ਬੌਲੀਵੁੱਡ ਅਦਾਕਾਰਾ ਦੀਆ ਮਿਰਜ਼ਾ, ਬਿਪਾਸਾ ਬਾਸੂ, ਸੋਫੀ ਚੌਧਰੀ, ਗੌਹਰ ਖ਼ਾਨ, ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਅਤੇ ਰਿਧਿਮਾ ਕਪੂਰ ਸਾਹਨੀ ਨੇ ਵੀ ਰਣਬੀਰ ਕਪੂਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।