ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਉਨ੍ਹਾਂ ’ਤੇ ਉਦਯੋਗਪਤੀ ਗੌਤਮ ਅਡਾਨੀ ਲਈ ਕੰਮ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ‘ਭਾਰਤ ਮਾਤਾ ਦੀ ਜੈ’ ਦੀ ਥਾਂ ‘ਅਡਾਨੀ ਜੀ ਦੀ ਜੈ’ ਬੋਲਣੀ ਚਾਹੀਦੀ ਹੈ। ਉਹ ਅੱਜ ਰਾਜਸਥਾਨ ਦੇ ਬੂੰਦੀ ਤੇ ਦੌਸਾ ਜ਼ਿਲ੍ਹਿਆਂ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ।
ਕਾਂਗਰਸ ਆਗੂ ਨੇ ਦੋਸ਼ ਲਾਇਆ ਕਿ ਮੋਦੀ ਦੋ ‘ਹਿੰਦੁਸਤਾਨ’ ਬਣਾਉਣਾ ਚਾਹੁੰਦੇ ਹਨ। ਇੱਕ ਅਡਾਨੀ ਲਈ ਤੇ ਦੂਜਾ ਗਰੀਬਾਂ ਲਈ। ਉਨ੍ਹਾਂ ਦੇਸ਼ ਵਿੱਚ ਜਾਤੀ ਆਧਾਰਿਤ ਜਨਗਣਨਾ ਨਾ ਕਰਵਾਉਣ ਲਈ ਵੀ ਮੋਦੀ ਨੂੰ ਨਿਸ਼ਾਨੇ ’ਤੇ ਲਿਆ ਤੇ ਕਿਹਾ ਕਿ ਕੇਂਦਰ ’ਚ ਸੱਤਾ ਵਿੱਚ ਆਉਂਦੇ ਹੀ ਕਾਂਗਰਸ ਜਾਤੀ ਆਧਾਰਿਤ ਜਨਗਣਨਾ ਕਰਵਾਏਗੀ। ਰਾਹੁਲ ਗਾਂਧੀ ਨੇ ਕਿਹਾ, ‘ਭਾਰਤ ਮਾਤਾ ਦੀ ਜੈ ਦੀ ਥਾਂ ਪ੍ਰਧਾਨ ਮੰਤਰੀ ਨੂੰ ਅਡਾਨੀ ਜੀ ਦੀ ਜੈ ਬੋਲਣੀ ਚਾਹੀਦੀ ਹੈ ਕਿਉਂਕਿ ਉਹ ਉਸ ਲਈ ਕੰਮ ਕਰਦੇ ਹਨ।’ ਉਨ੍ਹਾਂ ਕਿਹਾ, ‘ਮੋਦੀ ਭਾਰਤ ਮਾਤਾ ਦੀ ਜੈ ਕਹਿੰਦੇ ਹਨ ਤੇ 24 ਘੰਟੇ ਕੰਮ ਅਡਾਨੀ ਲਈ ਕਰਦੇ ਹਨ।’ ਉਨ੍ਹਾਂ ਕਿਹਾ ਕਿ ਗਰੀਬ, ਕਿਸਾਨ ਤੇ ਮਜ਼ਦੂਰ ‘ਭਾਰਤ ਮਾਤਾ’ ਹਨ।
ਜਾਤੀ ਆਧਾਰਿਤ ਜਨਗਣਨਾ ਬਾਰੇ ਕਾਂਗਰਸ ਆਗੂ ਨੇ ਕਿਹਾ, ‘ਅਸੀਂ ਰਾਜਸਥਾਨ ’ਚ ਜਾਤੀ ਜਨਗਣਨਾ ਦੇ ਹੁਕਮ ਦਿੱਤੇ। ਜਿਵੇਂ ਹੀ ਕੇਂਦਰ ’ਚ ਕਾਂਗਰਸ ਦੀ ਸਰਕਾਰ ਬਣੇਗੀ, ਸਾਡਾ ਪਹਿਲਾ ਟੀਚਾ ਜਾਤੀ ਜਨਗਣਨਾ ਦਾ ਹੋਵੇਗਾ। ਤੁਹਾਡੀ ਅਸਲੀ ਜਿੱਤ ਉਦੋਂ ਹੀ ਹੋਵੇਗੀ।’ ਉਨ੍ਹਾਂ ਕਿਹਾ ਕਿ ਜੇਕਰ ਰਾਜਸਥਾਨ ਵਿੱਚ ਭਾਜਪਾ ਸੱਤਾ ’ਚ ਆਉਂਦੀ ਹੈ ਤਾਂ ਗਹਿਲੋਤ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਾਰੀਆਂ ਲੋਕ ਭਲਾਈ ਯੋਜਨਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜਨਤਕ ਰੈਲੀਆਂ ਦੌਰਾਨ ਖੁਦ ਨੂੰ ਓਬੀਸੀ ਆਖਦੇ ਹਨ ਪਰ ਜਦੋਂ ਸੰਸਦ ਵਿੱਚ ਜਾਤੀ ਜਨਗਣਨਾ ਦੀ ਮੰਗ ਕੀਤੀ ਜਾਂਦੀ ਹੈ ਤਾਂ ਪ੍ਰਧਾਨ ਮੰਤਰੀ ਕੁਝ ਹੋਰ ਬੋਲਣਾ ਸ਼ੁਰੂ ਕਰ ਦਿੰਦੇ ਹਨ।