ਪੀਆਰਟੀਸੀ ਮੈਨੇਜਮੈਂਟ ਵੱਲੋਂ ਕਿਲੋਮੀਟਰ ਸਕੀਮ ਦੀਆਂ ਨਵੀਆਂ ਬੱਸਾਂ ਪਾਏ ਜਾਣ ਦਾ ਵਿਰੋਧ ਕਰਦਿਆਂ ਅੱਜ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਕਈ ਥਾਈਂ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮੁਲਾਜ਼ਮਾਂ ਨੇ ਪਟਿਆਲਾ ਦੇ ਮੁੱਖ ਬੱਸ ਅੱਡੇ ਨੂੰ ਕਈ ਘੰਟੇ ਬੰਦ ਰੱਖ ਕੇ ਧਰਨਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਲੋਮੀਟਰ ਸਕੀਮ ਦੀਆਂ ਬੱਸਾਂ ਪਾਉਣ ਦੀ ਪ੍ਰਕਿਰਿਆ ਬੰਦ ਨਾ ਕੀਤੀ ਗਈ ਤਾਂ ਪਹਿਲੀ ਦਸੰਬਰ ਨੂੰ ਉਹ ਪੰਜਾਬ ਭਰ ਵਿੱਚ ਚੱਕਾ ਜਾਮ ਕਰਨਗੇ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਹੜਾਣਾ ਦੀ ਪਟਿਆਲਾ ਸਥਿਤ ਰਿਹਾਇਸ਼ ਦਾ ਘਿਰਾਓ ਵੀ ਕੀਤਾ ਜਾਵੇਗਾ।
ਜਥੇਬੰਦੀ ਦੇ ਸੂਬਾਈ ਬੁਲਾਰੇ ਹਰਕੇਸ਼ ਵਿੱਕੀ ਨੇ ਦੱਸਿਆ ਕਿ ਯੂਨੀਅਨ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਹੇਠ ਅੱਜ ਦਾ ਧਰਨਾ ਪੀਆਰਟੀਸੀ ਵੱਲੋਂ ਕਿਲੋਮੀਟਰ ਸਕੀਮ ਦੀਆਂ 219 ਨਵੀਆਂ ਬੱਸਾਂ ਪਾਏ ਜਾਣ ਦੇ ਫ਼ੈਸਲੇ ਦੇ ਵਿਰੋਧ ਵਿੱਚ ਦਿੱਤਾ ਗਿਆ ਹੈ। ਜਥੇਬੰਦੀ ਦੇ ਵਿਰੋਧ ਦੇ ਬਾਵਜੂਦ ਅੱਜ ਕਿਲੋਮੀਟਰ ਸਕੀਮ ਦੀਆਂ ਦੋ ਨਵੀਆਂ ਬੱਸਾਂ ਚਲਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਿਲੋਮੀਟਰ ਸਕੀਮ ਦੀਆਂ ਬੱਸਾਂ ਨੂੰ ਉਤਸ਼ਾਹਿਤ ਕਰਨਾ ਸਿੱਧੇ ਤੌਰ ’ਤੇ ਪੀਆਰਟੀਸੀ ਨੂੰ ਨਿੱਜੀਕਰਨ ਵੱਲ ਧੱਕਣਾ ਹੈ। ਜਥੇਬੰਦੀ ਦੇ ਬੁਲਾਰੇ ਨੇ ਦੱਸਿਆ ਕਿ ਭਲਕੇ ਪੰਜਾਬ ਭਰ ਵਿੱਚ ਚੱਕਾ ਜਾਮ ਕਰਨ ਤੋਂ ਇਲਾਵਾ ਪਟਿਆਲਾ, ਸੰਗਰੂਰ, ਖਰੜ ਟੀ- ਪੁਆਇੰਟ, ਜਲੰਧਰ ਅਤੇ ਰਾਮਾਂ ਮੰਡੀ ਆਦਿ ਥਾਵਾਂ ’ਤੇ ਧਰਨੇ ਲਾ ਕੇ ਆਵਾਜਾਈ ਵੀ ਠੱਪ ਕੀਤੀ ਜਾਵੇਗੀ। ਬੱਸ ਅੱਡਾ ਬੰਦ ਹੋਣ ਕਾਰਨ ਮੁਸਾਫ਼ਿਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

