-ਬੱਚਿਆਂ ਦੀ ਉਚੇਰੀ ਵਿੱਦਿਆ, ਯੂ.ਪੀ.ਐਸ.ਸੀ ਤੇ ਹੋਰ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਲਈ ਬਣੇਗਾ ਵਿਦਿਆਲਿਆ
-ਸੰਤ ਬਾਬਾ ਲੱਖਾ ਸਿੰਘ ਨਾਨਕਸਰ ਵਾਲੇ, ਮੁੱਖ ਮੰਤਰੀ ਦੇ ਸੁਪਤਨੀ ਡਾ. ਗੁਰਪ੍ਰੀਤ ਕੌਰ, ਐਮ.ਐਲ.ਏ. ਗੁਰਲਾਲ ਘਨੌਰ ਸਮੇਤ ਹੋਰ ਕਈ ਵਿਧਾਇਕ ਤੇ ਸ਼ਖ਼ਸੀਅਤਾਂ ਪੁੱਜੀਆਂ
ਸ਼ੰਭੂ/ਘਨੌਰ/ਰਾਜਪੁਰਾ, ਪਟਿਆਲਾ, 14 ਦਸੰਬਰ:
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਦੀ ਲਾਸਾਨੀ ਕੁਰਬਾਨੀ ਦੀ ਯਾਦ ਨੂੰ ਸਮਰਪਿਤ 3 ਰੋਜ਼ਾ ਗੁਰਮਤਿ ਸਮਾਗਮ ਹਲਕਾ ਘਨੌਰ ਦੇ ਪਿੰਡ ਘੜਾਮਾਂ ਕਲਾਂ ਤੇ ਘੜਾਮਾਂ ਖੁਰਦ ਦੀ ਸੰਗਤ ਵੱਲੋਂ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਵਾਲਿਆਂ ਦੀ ਅਗਵਾਈ ਹੇਠ ਕਰਵਾਇਆ ਗਿਆ।
ਹਲਕਾ ਵਿਧਾਇਕ ਗੁਰਲਾਲ ਘਨੌਰ ਦੇ ਵਿਸ਼ੇਸ਼ ਸਹਿਯੋਗ ਸਦਕਾ ਸੰਪੰਨ ਹੋਏ ਇਸ ਗੁਰਮਤਿ ਸਮਾਗਮ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੁਪਤਨੀ ਡਾ. ਗੁਰਪ੍ਰੀਤ ਕੌਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਕੁਲਵੰਤ ਸਿੰਘ ਬਾਜ਼ੀਗਰ, ਗੁਰਦੇਵ ਸਿੰਘ ਦੇਵ ਮਾਨ, ਅਮਨਦੀਪ ਸਿੰਘ ਮੁਸਾਫ਼ਿਰ, ਮੁੱਖ ਮੰਤਰੀ ਦੇ ਓ.ਐਸ.ਡੀ. ਪ੍ਰੋ. ਉਂਕਾਰ ਸਿੰਘ, ਦਲਬੀਰ ਸਿੰਘ ਯੂ.ਕੇ., ਐਸ.ਐਸ.ਪੀ. ਵਰੁਣ ਸ਼ਰਮਾ ਤੇ ਐਸ.ਡੀ.ਐਮ. ਜਸਲੀਨ ਕੌਰ ਵੀ ਮੌਜੂਦ ਸਨ।
ਸੰਤ ਬਾਬਾ ਲੱਖਾ ਸਿੰਘ ਨੇ ਐਲਾਨ ਕੀਤਾ ਕਿ ਗੁਰਦੁਆਰਾ ਨਾਨਕਸਰ ਸਾਹਿਬ ਨੂੰ ਪਿੰਡ ਘੜਾਮਾ ਦੇ ਵਸਨੀਕ ਬੀਬਾ ਹਰਜੀਤ ਕੌਰ ਵੱਲੋਂ ਵਿੱਦਿਅਕ ਸੰਸਥਾ ਖੋਲ੍ਹਣ ਲਈ ਦਾਨ ਕੀਤੀ ਗਈ 3 ਏਕੜ ਜਮੀਨ ਵਿੱਚ ਬੱਚਿਆਂ ਦੀ ਉਚੇਰੀ ਵਿੱਦਿਆ ਅਤੇ ਖਾਸ ਕਰਕੇ ਯੂ.ਪੀ.ਐਸ.ਸੀ. ਅਤੇ ਹੋਰ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰਵਾਉਣ ਲਈ ਵਿਦਿਆਲਿਆ ਖੋਲ੍ਹਿਆ ਜਾਵੇਗਾ। ਮੁੱਖ ਮੰਤਰੀ ਦੇ ਸੁਪਤਨੀ ਡਾ. ਗੁਰਪ੍ਰੀਤ ਕੌਰ ਨੇ ਸੰਤ ਬਾਬਾ ਲੱਖਾ ਸਿੰਘ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੀ ਅਜਿਹੇ ਉਪਰਾਲੇ ਕਰ ਰਹੀ ਹੈ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਅਜਿਹਾ ਉਦਮ ਕਰਨਾ ਹੋਰ ਵੀ ਪ੍ਰਸ਼ੰਸਾ ਦਾ ਕਾਰਜ ਹੈ।
ਵਿਧਾਇਕ ਗੁਰਲਾਲ ਘਨੌਰ ਨੇ ਸੰਤ ਬਾਬਾ ਲੱਖਾ ਸਿੰਘ ਦਾ ਘਨੌਰ ਹਲਕੇ ਵਿੱਚ ਅਜਿਹੀ ਸੰਸਥਾ ਸਥਾਪਤ ਕਰਨ ਲਈ ਕੀਤੇ ਉਦਮ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਘੜਾਮਾਂ ਵਿਖੇ ਆਮ ਆਦਮੀ ਕਲੀਨਿਕ, ਖੇਡ ਸਟੇਡੀਅਮ ਵੀ ਬਣਵਾਇਆ ਜਾਵੇਗਾ। ਗੁਰਲਾਲ ਘਨੌਰ ਨੇ ਕਿਹਾ ਕਿ ਜਲਦੀ ਹੀ ਹਲਕਾ ਘਨੌਰ ਨਿਵਾਸੀਆਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਨੂੜ ਕੈਨਾਲ ਦਾ ਤੋਹਫ਼ਾ ਦੇ ਕੇ ਪਿਛਲੇ ਕਰੀਬ ਢਾਈ ਦਹਾਕਿਆਂ ਤੋਂ ਸਿੰਚਾਈ ਲਈ ਪਾਣੀ ਦੀ ਮੰਗ ਨੂੰ ਪੂਰੀ ਕਰਨਗੇ।
ਗੁਰਮਤਿ ਸਗਾਗਮ ਮੌਕੇ ਭਾਈ ਕਰਨੈਲ ਸਿੰਘ ਗਰੀਬ, ਭਾਈ ਜੋਗਿੰਦਰ ਸਿੰਘ ਰਿਆੜ, ਬਾਬਾ ਗੁਰਦੇਵ ਸਿੰਘ, ਬਾਬਾ ਬੰਤਾ ਸਿੰਘ ਮਦਨਪੁਰ, ਬਾਬਾ ਬੂਟਾ ਸਿੰਘ ਨਾਨਕਸਰ, ਬਾਬਾ ਗੁਰਜੀਤ ਸਿੰਘ ਨਾਨਕਸਰ ਆਦਿ ਨੇ ਗੁਰਮਤਿ ਵਿਚਾਰਾਂ ਸੰਗਤ ਨੂੰ ਸੁਣਾਈਆਂ। ਇਸ ਤੋਂ ਇਲਾਵਾ ਬੀਬਾ ਗੁਰਮੀਤ ਕੌਰ ਸੰਧੂ, ਗੁਰਤਾਜ ਸਿੰਘ, ਜੋਗਿੰਦਰ ਸਿੰਘ ਸੰਧੂ ਘੜਾਮਾ, ਮੇਜਰ ਸਿੰਘ ਸੰਧੂ ਘੜਾਮਾ, ਗੁਰਪਿੰਦਰ ਸਿੰਘ ਜੱਗਾ ਨਨਹੇੜਾ, ਸਹਿਜਪਾਲ ਸਿੰਘ ਲਾਡਾ, ਗੁਰਮੀਤ ਸਿੰਘ ਆਦਿ ਸਮੇਤ ਇਲਾਕੇ ਦੀ ਸੰਗਤ ਵੱਡੀ ਗਿਣਤੀ ਵਿੱਚ ਮੌਜੂਦ ਸੀ।