ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਨਾਲ ਲੱਗਦੇ ਪਹਾੜੀ ਇਲਾਕੇ ਵਿੱਚ ਕੁਝ ਦਿਨਾਂ ਤੋਂ ਚੱਲ ਰਹੀਆਂ ਸੀਤ ਹਵਾਵਾਂ ਕਰ ਕੇ ਮੈਦਾਨੀ ਇਲਾਕੇ ਵਿੱਚ ਠੰਢ ਵਧਦੀ ਜਾ ਰਹੀ ਹੈ। ਇਨ੍ਹਾਂ ਸੀਤ ਹਵਾਵਾਂ ਕਰਕੇ ਸਿਟੀ ਬਿਊਟੀਫੁੱਲ ਦੀ ਤਾਪਮਾਨ ਵੀ ਹੇਠਾਂ ਡਿੱਗਦਾ ਜਾ ਰਿਹਾ ਹੈ, ਠੰਢੇ ਮੌਸਮ ਨੇ ਲੋਕਾਂ ਨੂੰ ਘਰਾਂ ਵਿੱਚ ਵੜਨ ਲਈ ਮਜਬੂਰ ਕਰ ਦਿੱਤਾ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਐਤਵਾਰ ਦਾ ਦਿਨ ਸੀਜ਼ਨ ਦਾ ਸਭ ਤੋਂ ਠੰਢਾ ਦਿਨ ਰਿਹਾ ਹੈ। ਚੰਡੀਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਾਨ 6.2 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 20.9 ਡਿਗਰੀ ਸੈਲਸੀਅਸ ਦਰਜ ਕੀਤਾ ਹੈ ਜੋ ਕਿ ਆਮ ਤੋਂ ਘੱਟ ਦਰਜ ਕੀਤਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਗਲੇ ਤਿੰਨ-ਚਾਰ ਦਿਨ ਸ਼ਹਿਰ ਵਿੱਚ ਮਾਮੂਲੀ ਬੱਦਲਵਾਈ ਰਹਿ ਸਕਦੀ ਹੈ, ਜਦੋਂ ਕਿ ਪੂਰਾ ਹਫ਼ਤਾ ਮੌਸਮ ਸਾਫ ਰਹੇਗਾ ਅਤੇ ਦਿਨ ਸਮੇਂ ਧੁੱਪ ਖਿਡੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਠੰਢੀਆਂ ਹਵਾਵਾਂ ਚੱਲਣ ਕਰਕੇ ਰਾਜਧਾਨੀ ਵਿੱਚ ਠੰਢ ਹੋਰ ਵੱਧੇਗੀ ਅਤੇ ਤਾਪਮਾਨ ਵੀ ਹੇਠਾਂ ਨੂੰ ਡਿੱਗੇਗਾ। ਸਿਟੀ ਬਿਊਟੀਫੁੱਲ ਵਿੱਚ ਠੰਢੀਆਂ ਹਵਾਵਾਂ ਚੱਲਣ ਕਰਕੇ ਰਾਤਾਂ ਬਹੁਤ ਠੰਢੀਆਂ ਹੋ ਰਹੀਆਂ ਹਨ, ਜਿਸ ਕਰਕੇ ਸ਼ਹਿਰ ਵਿੱਚ ਕਈ ਥਾਵਾਂ ’ਤੇ ਲੋਕ ਅੱਗ ਜਲਾ ਕੇ ਸੇਕਦੇ ਦਿਖਾਈ ਦਿੱਤੇ। ਦਿਨ ਵਿੱਚ ਸੂਰਜ ਦੇ ਨਿਕਲਣ ਕਰ ਕੇ ਸ਼ਹਿਰ ਵਿੱਚ ਘੁੰਮਣ ਵਾਲੀਆਂ ਥਾਵਾਂ ਸੁਖਨਾ ਝੀਲ, ਰੌਕ ਗਾਰਡਨ, ਬਰਡ ਪਾਰਕ, ਰੋਜ਼ ਗਾਰਡਨ ਸਣੇ ਹੋਰਨਾਂ ਥਾਵਾਂ ’ਤੇ ਸੈਲਾਨੀਆਂ ਦੀ ਦਿਨ ਭਰ ਭੀੜ ਲੱਗੀ ਰਹੀ।