<h5 class="is-title post-title">ਮੱਧ ਪ੍ਰਦੇਸ਼ ਵਿਧਾਨ ਸਭਾ ਵਿਚ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਤਸਵੀਰ ਹਟਾ ਕੇ ਉਸ ਦੀ ਥਾਂ ਬੀ.ਆਰ. ਅੰਬੇਡਕਰ ਦੀ ਤਸਵੀਰ ਲਾਉਣ ਦੇ ਫੈਸਲੇ ਉਤੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ’ਤੇ ਕਾਂਗਰਸ ਨੇ ਅੱਜ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸੱਤਾਧਾਰੀ ਭਾਜਪਾ ਨੇ ‘ਰਾਸ਼ਟਰ ਨਿਰਮਾਤਾ’ ਦਾ ਅਪਮਾਨ ਕੀਤਾ ਹੈ। ਕਾਂਗਰਸ ਨੇ ਕਿਹਾ ਕਿ ਉਹ ਸਦਨ ਵਿਚ ਸੰਵਿਧਾਨ ਨਿਰਮਾਤਾ ਦੀ ਤਸਵੀਰ ਪ੍ਰਦਰਸ਼ਿਤ ਕਰਨ ਦਾ ਸਵਾਗਤ ਕਰਦੀ ਹੈ ਪਰ ਇਸ ਨੂੰ ਮਹਾਤਮਾ ਗਾਂਧੀ ਤੇ ਨਹਿਰੂ ਦੀਆਂ ਤਸਵੀਰਾਂ ਦੇ ਨਾਲ ਰੱਖਿਆ ਜਾ ਸਕਦਾ ਸੀ। ਦੱਸਣਯੋਗ ਹੈ ਕਿ 16ਵੀਂ ਮੱਧ ਪ੍ਰਦੇਸ਼ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋਇਆ ਹੈ। ਵਿਧਾਨ ਸਭਾ ਦੇ ਪ੍ਰਮੁੱਖ ਸਕੱਤਰ ਏਪੀ ਸਿੰਘ ਨੇ ਦੱਸਿਆ ਕਿ ਪਿਛਲੇ ਸੈਸ਼ਨ ਦੌਰਾਨ ਹੀ ਨਹਿਰੂ ਦੀ ਤਸਵੀਰ ਦੀ ਥਾਂ ਅੰਬੇਡਕਰ ਦੀ ਤਸਵੀਰ ਲਾਈ ਗਈ ਸੀ। ਉਨ੍ਹਾਂ ਕਿਹਾ ਕਿ ਤਤਕਾਲੀ ਸਪੀਕਰ ਗਿਰੀਸ਼ ਗੌਤਮ ਨੇ ਜੁਲਾਈ ਵਿਚ ਪਿਛਲੇ ਸੈਸ਼ਨ ਦੌਰਾਨ ਤਸਵੀਰ ਨੂੰ ਬਦਲਣ ਦਾ ਹੁਕਮ ਦਿੱਤਾ ਸੀ ਕਿਉਂਕਿ ਇਹ ਬਹੁਤ ਪੁਰਾਣੀ ਸੀ ਤੇ ਖਰਾਬ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਗੌਤਮ ਨੇ ਗਾਂਧੀ ਤੇ ਨਹਿਰੂ ਦੀਆਂ ਨਵੀਆਂ ਤਸਵੀਰਾਂ ਲਾਉਣ ਦਾ ਹੁਕਮ ਵੀ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਸ ਵੇਲੇ ਅੰਬੇਡਕਰ ਦੀ 125ਵੀਂ ਜੈਅੰਤੀ ਮਨਾਈ ਜਾ ਰਹੀ ਸੀ, ਇਸ ਲਈ ਸਪੀਕਰ ਨੇ ਨਹਿਰੂ ਦੀ ਥਾਂ ਉਨ੍ਹਾਂ ਦੀ ਤਸਵੀਰ ਲਾਉਣ ਦਾ ਨਿਰਦੇਸ਼ ਦਿੱਤਾ ਸੀ। ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਸੀ ਕਿ ਨਹਿਰੂ ਦੀ ਤਸਵੀਰ ਲਾਇਬਰੇਰੀ ਦੇ ਗਾਂਧੀ-ਨਹਿਰੂ ਹਿੱਸੇ ਵਿਚ ਸਨਮਾਨਜਨਕ ਢੰਗ ਨਾਲ ਰੱਖੀ ਜਾਵੇ।</h5>