ਲੋਕ ਸਭਾ ਤੇ ਰਾਜ ਸਭਾ ’ਚੋਂ ਬੀਤੇ ਦਿਨ ਵਿਰੋਧੀ ਧਿਰ ਦੇ 78 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਅੱਜ ਲੋਕ ਸਭਾ ਦੇ 49 ਦੇ ਕਰੀਬ ਹੋਰ ਮੈਂਬਰਾਂ ਨੂੰ ਸੰਸਦ ’ਚੋਂ ਮੁਅੱਤਲ ਕਰ ਦਿੱਤਾ ਗਿਆ ਹੈ ਜਿਸ ਨਾਲ ਸੰਸਦ ’ਚੋਂ ਮੁਅੱਤਲ ਕੀਤੇ ਵਿਰੋਧੀ ਧਿਰ ਦੇ ਮੈਂਬਰਾਂ ਦੀ ਗਿਣਤੀ ਵਧ ਕੇ 141 ਹੋ ਗਈ ਹੈ। ਦੂਜੇ ਪਾਸੇ ਕਾਂਗਰਸ ਨੇ ਦੋਸ਼ ਲਾਇਆ ਕਿ ਉਹ ਆਪਣੇ ਲੋਕ ਵਿਰੋਧੀ ਬਿੱਲਾਂ ਨੂੰ ਬਿਨਾਂ ਚਰਚਾ ਦੇ ਪਾਸ ਕਰਾਉਣ ਲਈ ਸਦਨ ’ਚੋਂ ਵਿਰੋਧੀ ਧਿਰ ਦਾ ਸਫਾਇਆ ਕਰ ਰਹੀ ਹੈ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣ ਦਾ ਮਤਾ ਪੇਸ਼ ਕਰਦਿਆਂ ਦੋਸ਼ ਲਾਇਆ ਕਿ ਲੰਘੀਆਂ ਵਿਧਾਨ ਸਭਾ ਚੋਣਾਂ ’ਚ ਮਿਲੀ ਹਾਰ ਤੋਂ ਪ੍ਰੇਸ਼ਾਨ ਹੋ ਕੇ ਇਹ ਸੰਸਦ ਮੈਂਬਰ ਰੋਸ ਮੁਜ਼ਾਹਰੇ ਕਰ ਰਹੇ ਹਨ। ਉਨ੍ਹਾਂ ਕਿਹਾ, ‘ਇੰਡੀਆ ਗੱਠਜੋੜ ਦੇ ਸੰਸਦ ਮੈਂਬਰ 13 ਦਸੰਬਰ ਦੀ ਸੰਸਦ ਦੀ ਸੁਰੱਖਿਆ ਵਿੱਚ ਸੰਨ੍ਹ ਨਾਲ ਸਬੰਧਤ ਘਟਨਾ ਬਾਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਜਵਾਬ ਮੰਗ ਰਹੇ ਹਨ। ਉਨ੍ਹਾਂ ਤਖਤੀਆਂ ਨਾ ਲਿਆਉਣ ਲਈ ਰਾਜ਼ੀ ਨਹੀਂ ਹੋ ਰਹੇ। ਉਹ ਆਪਣੀ ਹਾਰ ਤੋਂ ਨਿਰਾਸ਼ ਹਨ, ਜਿਸ ਕਾਰਨ ਅਜਿਹੇ ਕਦਮ ਚੁੱਕ ਰਹੇ ਹਨ। ਜੇਕਰ ਇਨ੍ਹਾਂ ਦਾ ਇਹੀ ਰਵੱਈਆ ਰਿਹਾ ਤਾਂ ਇਹ ਲੋਕ ਅਗਲੀ ਵਾਰ ਸਦਨ ’ਚ ਨਹੀਂ ਆਉਣਗੇ।’ ਉਨ੍ਹਾਂ ਕਿਹਾ ਕਿ ਇਹ ਲੋਕ ਤਖਤੀਆਂ ਲਿਆ ਕੇ ਸਦਨ ਦੇ ਮੁਖੀ ਤੇ ਭਾਰਤ ਦੇ ਲੋਕਾਂ ਦੀ ਬੇਇੱਜ਼ਤੀ ਕਰ ਰਹੇ ਹਨ। ਰੋਸ ਮੁਜ਼ਾਹਰਾ ਜਾਰੀ ਰਹਿਣ ਦਰਮਿਆਨ ਸਦਨ ਦੀ ਕਾਰਵਾਈ ਬਾਅਦ ਦੁਪਹਿਰ 2 ਵਜੇ ਤੱਕ ਮੁਅੱਤਲ ਕਰਨੀ ਪਈ। ਉੱਧਰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੋਸ਼ ਲਾਇਆ ਕਿ ਤਾਨਾਸ਼ਾਹ ਭਾਜਪਾ ਇਸ ਦੇਸ਼ ’ਚ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੀ ਹੈ। ਖੜਗੇ ਨੇ ਐਕਸ ’ਤੇ ਪੋਸਟ ਕੀਤਾ, ‘ਸੰਸਦ ਤੋਂ ਕੁੱਲ 141 ਵਿਰੋਧੀ ਧਿਰ ਦੇ ਮੈਂਬਰਾਂ ਦੀ ਮੁਅੱਤਲੀ ਸਾਡੇ ਇਸ ਦੋਸ਼ ਦੀ ਪੁਸ਼ਟੀ ਕਰਦੀ ਹੈ ਕਿ ਤਾਨਾਸ਼ਾਹ ਭਾਜਪਾ ਇਸ ਦੇਸ਼ ’ਚੋਂ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੀ ਹੈ।’ ਖੜਗੇ ਨੇ ਕਿਹਾ, ‘ਅਸੀਂ ਸਾਰੇ ਜਾਣਦੇ ਹਾਂ ਕਿ ਅਪਰਾਧਿਕ ਕਾਨੂੰਨ ਸੋਧ ਜਿਹੇ ਅਹਿਮ ਬਿੱਲ ਸੂਚੀਬੱਧ ਹਨ ਜੋ ਨਾਗਰਿਕਾਂ ਦੇ ਹੱਕਾਂ ਦੇ ਰਾਹ ’ਚ ਰੋੜਾ ਅਟਕਾਉਂਦੇ ਹਨ। ਮੋਦੀ ਸਰਕਾਰ ਨਹੀਂ ਚਾਹੁੰਦੀ ਕਿ ਇਨ੍ਹਾਂ ਬਿੱਲਾਂ ’ਤੇ ਚਰਚਾ ਅਤੇ ਬਹਿਸ ਦੌਰਾਨ ਭਾਰਤ ਦੇ ਲੋਕ ਵਿਰੋਧੀ ਧਿਰ ਦੀ ਗੱਲ ਸੁਣਨ।’ ਕਾਂਗਰਸ ਨੇ ਦਾਅਵਾ ਕੀਤਾ ਕਿ ਭਾਜਪਾ ਨੇ ਲੋਕਤੰਤਰ ਨੂੰ ਤਬਾਹ ਕਰਨ ਲਈ ‘ਮੁਅੱਤਲ ਕਰੋ, ਬਾਹਰ ਕੱਢੋ ਅਤੇ ਖਤਮ ਕਰੋ’ ਦੀ ਰਣਨੀਤੀ ਅਪਣਾਈ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਪੋਸਟ ਕੀਤਾ, ‘ਅੱਜ ਲੋਕ ਸਭਾ ਤੋਂ ‘ਇੰਡੀਆ’ ਗੱਠਜੋੜ ਦੇ ਤਕਰੀਬਨ 50 ਹੋਰ ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਵਿਰੋਧੀ ਧਿਰ ਦਾ ਮੁਕੰਮਲ ਸਫਾਇਆ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਵਿਰੋਧੀ ਬਿੱਲਾਂ ਨੂੰ ਬਿਨਾਂ ਕਿਸੇ ਸਾਰਥਕ ਚਰਚਾ ਦੇ ਪਾਸ ਕਰਵਾਇਆ ਜਾ ਸਕੇ ਅਤੇ 13 ਦਸੰਬਰ ਨੂੰ ਲੋਕ ਸਭਾ ’ਚ ਦੋ ਲੋਕਾਂ ਨੂੰ ਦਾਖਲ ਹੋਣ ਦੇਣ ਦੀ ਸਹੂਲਤ ਦੇਣ ਵਾਲੇ ਭਾਜਪਾ ਦੇ ਸੰਸਦ ਮੈਂਬਰ ਬੇਦਾਗ ਹੋ ਜਾਣ।’