ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਲਈ ਖਿਡਾਰੀਆਂ ਦੀ ਨਿਲਾਮੀ ’ਚ ਆਸਟਰੇਲਿਆਈ ਟੀਮ ਦੇ ਆਪਣੇ ਗੇਂਦਬਾਜ਼ੀ ਜੋੜੀਦਾਰ ਅਤੇ ਕਪਤਾਨ ਪੈਟ ਕਮਿਨਸ ਨੂੰ ਪਛਾੜ ਕੇ ਲੀਗ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਹੈ। ਸਟਾਰਕ ’ਤੇ ਅੱਜ 24.75 ਕਰੋੜ ਰੁਪਏ ਦੀ ਬੋਲੀ ਲੱਗੀ। ਇਹ ਪਹਿਲੀ ਵਾਰ ਹੈ ਜਦੋਂ ਨਿਲਾਮੀ ਭਾਰਤ ਤੋਂ ਬਾਹਰ ਹੋ ਰਹੀ ਹੈ।
ਨਿਲਾਮੀ ਦੌਰਾਨ ਸਨਰਾਈਜਰਸ ਹੈਦਰਾਬਾਦ ਵੱਲੋਂ ਪੈਟ ਕਮਿਨਸ ਨੂੰ ਰਿਕਾਰਡ 20.50 ਕਰੋੜ ਰੁਪਏ ਦੀ ਬੋਲੀ ਨਾਲ ਆਪਣੀ ਟੀਮ ’ਚ ਸ਼ਾਮਲ ਕਰਨ ਦੇ ਕੁਝ ਘੰਟਿਆਂ ਬਾਅਦ ਹੀ ਕੋਲਕਾਤਾ ਨਾਈਟਰਾਈਡਰਸ ਨੇ ਖੱਬੇ ਹੱਥੇ ਤੇਜ਼ ਗੇਂਦਬਾਜ਼ ਸਟਾਰਕ ’ਤੇ 24 ਕਰੋੜ 75 ਲੱਖ ਰੁਪਏ ਦੀ ਬੋਲੀ ਲਾ ਦਿੱਤੀ। ਦੱਸਣਯੋਗ ਹੈ ਕਿ ਆਈਪੀਐੱਲ ਦੇ ਪਿਛਲੇ ਸੀਜ਼ਨ ’ਚ ਇੰਗਲੈਂਡ ਦੇ ਸੈਮ ਕੁਰੈਨ ’ਤੇ ਪੰਜਾਬ ਨੇ ਸਭ ਤੋਂ ਵੱਧ 18.50 ਕਰੋੜ ਰੁਪਏ ਦੀ ਬੋਲੀ ਲਾਈ ਸੀ। ਹੈਦਰਾਬਾਦ ਨੇ ਪੈਟ ਕਮਿਨਸ ਤੋਂ ਇਲਾਵਾ ਵਿਸ਼ਵ ਕੱਪ ਫਾਈਨਲ ਦੇ ਹੀਰੋ ਟਰੈਵਿਸ ਹੈੱਡ ਨੂੰ ਵੀ (6.80 ਕਰੋੜ ਰੁਪਏ ਦੀ ਬੋਲੀ ਲਾ ਕੇ) ਟੀਮ ’ਚ ਸ਼ਾਮਲ ਕੀਤਾ ਹੈ। ਹੋਰ ਤੇਜ਼ ਗੇਂਦਬਾਜ਼ਾਂ ’ਚ ਹਰਸ਼ਲ ਪਟੇਲ ’ਤੇ ਪੰਜਾਬ ਕਿੰਗਜ਼ ਨੇ 11.75 ਕਰੋੜ ਰੁਪਏ, ਰੌਇਲ ਚੈਲੈਂਜਰਜ਼ ਬੈਂਗਲੌਰ ਨੇ ਅਲਜ਼ਾਰੀ ਜੋਸੇਫ ’ਤੇ 11.50 ਕਰੋੜ, ਗੁਜਰਾਤ ਟਾਈਟਨਜ਼ ਨੇ ਉਮੇਸ਼ ਯਾਦਵ ’ਤੇ 5.80 ਕਰੋੜ ਅਤੇ ਲਖਨਊ ਸੁਪਰਜਾਇੰਟਜ਼ ਨੇ ਸ਼ਿਵਮ ਮਾਵੀ ’ਤੇ 6.40 ਕਰੋੜ ਰੁਪਏ ਦੀ ਬੋਲੀ ਲਾਈ। ਮੁੰਬਈ ਇੰਡੀਅਨਜ਼ ਨੇ ਤੇਜ਼ ਗੇਂਦਬਾਜ਼ ਗੇਰਾਲਡ ਕੋਇਟਜ਼ੀ ’ਤੇ 5 ਕਰੋੜ ਰੁਪਏ ਖਰਚ ਕੀਤੇ ਜਦਕਿ ਚੇਨੱਈ ਸੁਪਰ ਕਿੰਗਜ਼ ਨੇ ਸ਼ਾਰਦੁਲ ਠਾਕੁਰ ਨੂੰ 4 ਕਰੋੜ ਦੀ ਬੋਲੀ ਲਾ ਕੇ ਟੀਮ ’ਚ ਸ਼ਾਮਲ ਕੀਤਾ।