ਭਾਰਤ ਦੇ ਤਿੰਨ ਸੂਬਿਆਂ ’ਚ ਹੁਣ ਤਕ ਕੋਵਿਡ-19 ਦੇ ਸਬ-ਵੇਰੀਐਂਟ ਜੇਐਨ.1 ਦੇ 21 ਮਾਮਲੇ ਸਾਹਮਣੇ ਆਏ ਹਨ। ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀਕੇ ਪੌਲ ਨੇ ਬੁੱਧਵਾਰ ਨੂੰ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਵਿਗਿਆਨੀ ਕੋਵਿਡ ਦੇ ਨਵੇਂ ਰੂਪ ਦੀ ਨੇੜਿਓਂ ਜਾਂਚ ਕਰ ਰਹੇ ਹਨ। ਉਨ੍ਹਾਂ ਰਾਜਾਂ ਨੂੰ ਟੈਸਟਿੰਗ ਵਧਾਉਣ ਅਤੇ ਆਪਣੀਆਂ ਨਿਗਰਾਨ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਪੌਲ ਨੇ ਖੁਲਾਸਾ ਕੀਤਾ ਕਿ ਜਿਨ੍ਹਾਂ ਨੂੰ ਕਰੋਨਾ ਦੀ ਲਾਗ ਲੱਗੀ ਹੈ ਉਨ੍ਹਾਂ ’ਚੋਂ ਲਗਪਗ 91 ਤੋਂ 92 ਫੀਸਦੀ ਲੋਕ ਘਰ ’ਚ ਹੀ ਇਲਾਜ ਦੀ ਚੋਣ ਕਰ ਰਹੇ ਹਨ। ਅਧਿਕਾਰਤ ਸੂਤਰਾਂ ਅਨੁਸਾਰ ਗੋਆ ਵਿੱਚ ਕੋਵਿਡ-19 ਸਬ-ਵੇਰੀਐਂਟ ਜੇਐਨ1 ਦੇ 19 ਮਾਮਲੇ ਅਤੇ ਕੇਰਲ ਅਤੇ ਮਹਾਰਾਸ਼ਟਰ ਵਿੱਚ ਇੱਕ-ਇੱਕ ਮਾਮਲਾ ਸਾਹਮਣੇ ਆਇਆ ਹੈ। ਇਸੇ ਦੌਰਾਨ ਪਿਛਲੇ ਦੋ ਹਫ਼ਤਿਆਂ ਵਿੱਚ ਕੋਵਿਡ-19 ਨਾਲ ਸਬੰਧਤ 16 ਮੌਤਾਂ ਹੋਈਆਂ ਹਨ। ਇਹ ਮਰੀਜ਼ ਕਰੋਨਾ ਦੇ ਨਾਲ ਨਾਲ ਗੰਭੀਰ ਬਿਮਾਰੀਆਂ ਤੋਂ ਪੀੜਤ ਸਨ। ਕੇਂਦਰ ਨੇ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਦੇਸ਼ ਵਿੱਚ ਕੋਵਿਡ-19 ਮਾਮਲਿਆਂ ਦੀ ਜਾਂਚ ਵਿੱਚ ਤੇਜ਼ੀ ਲਿਆਉਣ ਅਤੇ ਨਵੇਂ ਜੇਐਨ.1 ਰੂਪਾਂ ਦੀ ਖੋਜ ਵਿਚ ਲਗਾਤਾਰ ਚੌਕਸੀ ਰੱਖਣ ਲਈ ਕਿਹਾ ਹੈ। ਇਸੇ ਦੌਰਾਨ ਦੇਸ਼ ’ਚ ਕਰੋਨਾ ਵਾਇਰਸ ਦੇ ਮਾਮਲੇ ਵਧਣ ’ਤੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਬੁੱਧਵਾਰ ਨੂੰ ਦੇਸ਼ ਭਰ ਵਿੱਚ ਸਿਹਤ ਸਹੂਲਤਾਂ ਦੀ ਤਿਆਰੀ ਦਾ ਜਾਇਜ਼ਾ ਲਿਆ ਅਤੇ ਕਰੋਨਾਵਾਇਰਸ ਕਾਰਨ ਉੱਭਰ ਰਹੇ ਤਣਾਅ ਵਿਰੁੱਧ ਚੌਕਸ ਰਹਿਣ ‘ਤੇ ਜ਼ੋਰ ਦਿੱਤਾ। ਕੇਂਦਰੀ ਸਿਹਤ ਸਕੱਤਰ ਸੁਧਾਂਸ਼ ਪੰਤ ਨੇ ਕਿਹਾ ਕਿ ਭਾਵੇਂ ਕੇਸ ਵੱਧ ਰਹੇ ਹਨ ਪਰ 92.8 ਫੀਸਦੀ ਕੇਸਾਂ ਵਿੱਚ ਲੋਕ ਘਰਾਂ ਵਿੱਚ ਏਕਾਂਤਵਾਸ ਹਨ ਜਿਸ ਕਰਕੇ ਇਸ ਨੂੰ ਗੰਭੀਰ ਸ਼੍ਰੇਣੀ ਵਿੱਚ ਨਹੀਂ ਲਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਕੇਰਲ, ਮਹਾਰਾਸ਼ਟਰ, ਝਾਰਖੰਡ ਅਤੇ ਕਰਨਾਟਕ ਵਰਗੇ ਕੁਝ ਰਾਜਾਂ ਵਿੱਚ ਕਰੋਨਾ ਦੀ ਰੋਜ਼ਾਨਾ ਦੀ ਦਰ ਵਿੱਚ ਵਾਧਾ ਦੇਖਿਆ ਗਿਆ ਹੈ।

