ਆਉਂਦੀਆਂ ਲੋਕ ਸਭਾ ਚੋਣਾਂ ’ਚ ਪਾਰਟੀ ਵਰਕਰਾਂ ਨੂੰ ਧਿਆਨ ਕੇਂਦਰਤ ਕਰਨ ਦਾ ਸੱਦਾ ਦਿੰਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਨੇ ਹੁਣੇ ਜਿਹੇ ਹੋਈਆਂ ਵਿਧਾਨ ਸਭਾ ਚੋਣਾਂ ਦੇ ਪ੍ਰਦਰਸ਼ਨ ਤੋਂ ਸਬਕ ਸਿੱਖਿਆ ਹੈ। ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਇਥੇ ਪਾਰਟੀ ਦਫ਼ਤਰ ’ਚ ਅਹਿਮ ਮੀਟਿੰਗ ਦੌਰਾਨ ਆਗੂਆਂ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਕਿਹਾ ਕਿ ਕਾਂਗਰਸ ਪੁਰਾਣੀਆਂ ਗਲਤੀਆਂ ਨਾ ਦੁਹਰਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਈ ਕਾਂਗਰਸ ਆਗੂ ਚਾਹੁੰਦੇ ਹਨ ਕਿ ਰਾਹੁਲ ਗਾਂਧੀ ਹੁਣ ਪੂਰਬ ਤੋਂ ਪੱਛਮ ਵੱਲ ਇਕ ਹੋਰ ਭਾਰਤ ਜੋੜੋ ਯਾਤਰਾ ਕੱਢਣ ਪਰ ਇਸ ਦਾ ਅੰਤਿਮ ਫ਼ੈਸਲਾ ਸਾਬਕਾ ਪ੍ਰਧਾਨ ਨੇ ਖੁਦ ਲੈਣਾ ਹੈ। ਕਰੀਬ ਚਾਰ ਘੰਟੇ ਤੱਕ ਚੱਲੀ ਮੀਟਿੰਗ ਮਗਰੋਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸੀਡਬਲਿਊਸੀ ਨੇ ਕਿਹਾ ਕਿ ਭਾਜਪਾ ਅਤੇ ਭਾਈਵਾਲਾਂ ਖ਼ਿਲਾਫ਼ ਲੜਨ ਵਾਸਤੇ ‘ਇੰਡੀਆ’ ਗੱਠਜੋੜ ਨੂੰ ਮਜ਼ਬੂਤ ਬਣਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਜਾਣਗੇ। ਪਾਰਟੀ ਨੇ ਇਹ ਵੀ ਕਿਹਾ ਕਿ ਸੰਸਦ ’ਚੋਂ ਸੰਸਦ ਮੈਂਬਰਾਂ ਦੀ ਮੁਅੱਤਲੀ ਇਸ ਕਰਕੇ ਕੀਤੀ ਗਈ ਤਾਂ ਜੋ ਵਿਰੋਧੀ ਧਿਰ ਉਥੇ ਮੋਦੀ ਸਰਕਾਰ ਨੂੰ ਕੋਈ ਚੁਣੌਤੀ ਪੇਸ਼ ਨਾ ਕਰ ਸਕੇ ਕਿਉਂਕਿ ਉਨ੍ਹਾਂ ਤਿੰਨ ਸਖ਼ਤ ਅਪਰਾਧਿਕ ਕਾਨੂੰਨਾਂ ਨੂੰ ਪਾਸ ਕਰਵਾਉਣਾ ਸੀ। ਪਾਰਟੀ ਦੇ ਸਥਾਪਨਾ ਦਿਵਸ ਮੌਕੇ ਨਾਗਪੁਰ ’ਚ ਰੈਲੀ ਕੀਤੀ ਜਾਵੇਗੀ। ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਖ਼ਰਾਬ ਪ੍ਰਦਰਸ਼ਨ ਮਗਰੋਂ ਸੀਡਬਲਿਊਸੀ ਦੀ ਇਹ ਪਹਿਲੀ ਮੀਟਿੰਗ ਸੀ। ਤਿਲੰਗਾਨਾ ਨੂੰ ਛੱਡ ਕੇ ਬਾਕੀ ਚਾਰ ਸੂਬਿਆਂ ਦੇ ਚੋਣ ਨਤੀਜਿਆਂ ’ਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਖੜਗੇ ਨੇ ਕਿਹਾ ਕਿ ਕਾਂਗਰਸ ਨੇ ਨਤੀਜਿਆਂ ਦਾ ਮੁੱਢਲਾ ਅਧਿਐਨ ਕੀਤਾ ਹੈ ਅਤੇ ਇਸ ਪ੍ਰਦਰਸ਼ਨ ਪਿਛਲੇ ਕਾਰਨਾਂ ਦਾ ਪਤਾ ਲਾਇਆ ਹੈ। ‘ਨਤੀਜਿਆਂ ਦੇ ਬਾਵਜੂਦ ਕੁਝ ਹਾਂ-ਪੱਖੀ ਸੰਕੇਤ ਵੀ ਹਨ। ਚੋਣਾਂ ਵਾਲੇ ਸੂਬਿਆਂ ’ਚ ਪਾਰਟੀ ਦਾ ਵੋਟ ਸ਼ੇਅਰ ਸਾਨੂੰ ਆਸ ਦਿੰਦਾ ਹੈ ਕਿ ਜੇਕਰ ਪੂਰਾ ਧਿਆਨ ਦਿੱਤਾ ਜਾਵੇ ਤਾਂ ਅਸੀਂ ਨਤੀਜੇ ਪਲਟ ਸਕਦੇ ਹਾਂ। ਅਸੀਂ ਗਲਤੀਆਂ ਤੋਂ ਵੱਡੇ ਸਬਕ ਸਿੱਖੇ ਹਨ ਅਤੇ ਅਸੀਂ ਉਨ੍ਹਾਂ ਨੂੰ ਨਾ ਦੁਹਰਾਉਣ ਲਈ ਵਚਨਬੱਧ ਹਾਂ।’ ਖੜਗੇ ਨੇ ਕਿਹਾ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਨੇ 19 ਦਸੰਬਰ ਨੂੰ ਮੀਟਿੰਗ ਕਰਕੇ ਸਰਬਸੰਮਤੀ ਨਾਲ ਸੀਟਾਂ ਦੀ ਵੰਡ ਬਾਰੇ ਫੌਰੀ ਗੱਲਬਾਤ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਕਾਂਗਰਸ ਨੇ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਹੈ ਜੋ ਵੱਖ ਵੱਖ ਸੂਬਿਆਂ ’ਚ ਹੋਰ ਧਿਰਾਂ ਨਾਲ ਗੱਲਬਾਤ ਕਰੇਗੀ। ਕਾਂਗਰਸ ਪ੍ਰਧਾਨ ਨੇ ਮੀਟਿੰਗ ਦੌਰਾਨ ਕਿਹਾ ਕਿ ਲੋਕ ਸਭਾ ਚੋਣਾਂ ਲਈ ਹੁਣ ਬਹੁਤ ਥੋੜ੍ਹਾ ਸਮਾਂ ਬਚਿਆ ਹੈ ਅਤੇ ਉਹ ਸਾਰਿਆਂ ਨੂੰ ਅਪੀਲ ਕਰਦੇ ਹਨ ਕਿ ਉਹ ਵਿਹਾਰਕ ਨੁਕਤਿਆਂ ’ਤੇ ਧਿਆਨ ਕੇਂਦਰਤ ਕਰਨ। ਸੰਸਦ ’ਚੋਂ ਵਿਰੋਧੀ ਧਿਰਾਂ ਦੇ ਮੈਂਬਰਾਂ ਦੀ ਮੁਅੱਤਲੀ ਬਾਰੇ ਖੜਗੇ ਨੇ ਕਿਹਾ ਕਿ ਇਹ ਸੰਸਦ ਨੂੰ ਹੁਕਮਰਾਨ ਧਿਰ ਦਾ ਮੰਚ ਬਣਾਉਣ ਦੀ ਸਾਜ਼ਿਸ਼ ਦਾ ਹਿੱਸਾ ਸੀ। ‘ਸਾਰਾ ਮੁਲਕ ਦੇਖ ਰਿਹਾ ਹੈ ਕਿ ਕਿਵੇਂ ਭਾਜਪਾ ਬਿਨਾਂ ਬਹਿਸ ਜਾਂ ਚਰਚਾ ਦੇ ਅਹਿਮ ਬਿੱਲ ਪਾਸ ਕਰਕੇ ਲੋਕਤੰਤਰ ਦਾ ਗਲ ਘੁੱਟ ਰਹੀ ਹੈ।’ ਉਨ੍ਹਾਂ ਭਾਜਪਾ ’ਤੇ ਦੋਸ਼ ਲਾਇਆ ਕਿ ਉਹ ਚੋਣ ਕਮਿਸ਼ਨ ਵਰਗੇ ਅਦਾਰਿਆਂ ’ਤੇ ਕੰਟਰੋਲ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਸਰਕਾਰ ਨੇ ਸੰਵਿਧਾਨ, ਸੰਸਦ ਅਤੇ ਲੋਕਤੰਤਰ ਨੂੰ ਖ਼ਤਰੇ ’ਚ ਪਾ ਦਿੱਤਾ ਹੈ। –

