17ਵੀਂ ਲੋਕ ਸਭਾ ਦੌਰਾਨ ਹੁਣ ਤੱਕ ਪਾਸ ਕੀਤੇ ਅੱਧੇ ਬਿੱਲਾਂ ’ਤੇ ਦੋ-ਦੋ ਘੰਟੇ ਵੀ ਚਰਚਾ ਨਹੀਂ ਹੋਈ ਅਤੇ ਇਨ੍ਹਾਂ ਵਿੱਚੋਂ ਸਿਰਫ਼ 16 ਫੀਸਦੀ ਬਿੱਲ ਸੰਸਦੀ ਸਥਾਈ ਕਮੇਟੀਆਂ ਕੋਲ ਭੇਜੇ ਗਏ। ਇਹ ਜਾਣਕਾਰੀ ਥਿੰਕ ਟੈਂਕ ਪੀਆਰਐੱਸ ਲੈਜਿਸਲੇਟਿਵ ਰਿਸਰਚ ਵੱਲੋਂ ਇਕੱਤਰ ਕੀਤੇ ਅੰਕੜਿਆਂ ਵਿੱਚ ਦਰਸਾਈ ਗਈ ਹੈ। ਰਿਪੋਰਟ ਮੁਤਾਬਕ 17ਵੀਂ ਲੋਕ ਸਭਾ ਇਕਲੌਤੀ ਅਜਿਹੀ ਲੋਕ ਸਭਾ ਬਣਨ ਜਾ ਰਹੀ ਹੈ ਜਿਸ ਵਿੱਚ ਡਿਪਟੀ ਸਪੀਕਰ ਦੀ ਚੋਣ ਨਹੀਂ ਕੀਤੀ ਗਈ। ਸੰਵਿਧਾਨ ਲੋਕ ਸਭਾ ਨੂੰ ਚੋਣਾਂ ਮਗਰੋਂ ਛੇਤੀ ਤੋਂ ਛੇਤੀ ਡਿਪਟੀ ਸਪੀਕਰ ਚੁਣਨ ਦਾ ਆਦੇਸ਼ ਦਿੰਦਾ ਹੈ। 14 ਤੋਂ 21 ਦਸੰਬਰ ਤੱਕ ਚੱਲੇ ਸਰਦ ਰੁੱਤ ਸੈਸ਼ਨ ਦੌਰਾਨ ਲੋਕ ਸਭਾ ਦੇ 100 ਅਤੇ ਰਾਜ ਸਭਾ ਦੇ 46 ਸੰਸਦ ਮੈਂਬਰ ਮੁਅੱਤਲ ਕੀਤੇ ਗਏ ਹਨ, ਜੋ ਹਰੇਕ ਸਦਨ ਦਾ 19 ਫੀਸਦੀ ਬਣਦੇ ਹਨ। ਇਹ ਕਿਸੇ ਵੀ ਲੋਕ ਸਭਾ ਵਿੱਚ ਮੁਅੱਤਲ ਸੰਸਦ ਮੈਂਬਰਾਂ ਦੀ ਸਭ ਤੋਂ ਵੱਧ ਗਿਣਤੀ ਹੈ।
