ਅਦਾਕਾਰਾ ਮਾਧੁਰੀ ਦੀਕਸ਼ਿਤ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਅੱਜ ਇੱਥੇ ਸਿੱਧੀਵਿਨਾਇਕ ਮੰਦਿਰ ਪਹੁੰਚੀ। ਇਸ ਮੌਕੇ ਉਸ ਦਾ ਪਤੀ ਸ੍ਰੀਰਾਮ ਨੇਨੇ ਵੀ ਉਸ ਦੇ ਨਾਲ ਸੀ। ਮਾਧੁਰੀ ਆਪਣੀ ਆਉਣ ਵਾਲੀ ਮਰਾਠੀ ਫ਼ਿਲਮ ‘ਪੰਚਕ’ ਲਈ ਆਸ਼ੀਰਵਾਦ ਲੈਣ ਲਈ ਮੰਦਿਰ ਪਹੁੰਚੀ ਸੀ। ਇਸ ਸਬੰਧੀ ਵਾਇਰਲ ਵੀਡੀਓ ਵਿੱਚ ਫ਼ਿਲਮ ‘ਤੇਜ਼ਾਬ’ ਦੀ ਅਦਾਕਾਰਾ ਗੁਲਾਬੀ ਰੰਗ ਦੇ ਅਨਾਰਕਲੀ ਸੂਟ ਵਿੱਚ ਦਿਖਾਈ ਦੇ ਰਹੀ ਹੈ। ਸੂਟ ’ਤੇ ਕਢਾਈ ਵੀ ਕੀਤੀ ਹੋਈ ਸੀ। ਉਸ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਹੋਏ ਸਨ ਅਤੇ ਸਾਦਾ ਮੇਕਅੱਪ ਕੀਤਾ ਹੋਇਆ ਸੀ। ਜਦੋਂਕਿ ਉਸ ਦੇ ਪਤੀ ਨੇ ਪੂਰੀਆਂ ਬਾਹਾਂ ਵਾਲਾ ਲਾਲ ਕੁੜਤਾ ਪਾਇਆ ਹੋਇਆ ਸੀ। ਵੀਡੀਓ ਵਿੱਚ ਜੋੜੇ ਨੂੰ ਪ੍ਰਾਰਥਨਾ ਕਰਦੇ ਹੋਏ ਅਤੇ ਪੁਜਾਰੀ ਨੂੰ ਉਨ੍ਹਾਂ ਦੇ ਮੱਥੇ ’ਤੇ ਤਿਲਕ ਲਗਾਉਂਦੇ ਦੇਖਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਮਾਧੁਰੀ ਨੇ ਅਕਤੂਬਰ 1999 ਵਿੱਚ ਸ੍ਰੀਰਾਮ ਨੇਨੇ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦੇ ਦੋ ਪੁੱਤਰ ਐਰਿਨ ਅਤੇ ਰਿਆਨ ਹਨ। ਮਾਧੁਰੀ ਦੀ ਆਉਣ ਵਾਲੀ ਫ਼ਿਲਮ ‘ਪੰਚਕ’ ਦਾ ਨਿਰਦੇਸ਼ਨ ਜੈਅੰਤ ਜਠਾਰ ਨੇ ਦਿੱਤਾ ਹੈ ਅਤੇ ਇਸ ਵਿੱਚ ਆਦਿਨਾਥ ਕੋਠਾਰੇ ਨੇ ਮੁੱਖ ਭੂਮਿਕਾ ਨਿਭਾਈ ਹੈ। ਮਾਧੁਰੀ ਨੂੰ ਆਖਰੀ ਵਾਰ ‘ਮਾਜਾ ਮਾ’ ਵਿੱਚ ਦੇਖਿਆ ਗਿਆ ਸੀ।

