ਭਾਰਤ ਨੇ ਅੱਜ ਦੂਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਅਫਗਾਨਿਸਤਾਨ ਨੂੰ 6 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦੀ ਬੜ੍ਹਤ ਬਣਾ ਲਈ ਹੈ। ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ ‘ਚ ਸਾਰੀਆਂ ਵਿਕਟਾਂ ਦੇ ਨੁਕਸਾਨ ‘ਤੇ 172 ਦੌੜਾਂ ਬਣਾਈਆਂ, ਜਦਕਿ ਭਾਰਤ ਨੇ 15.4 ਓਵਰਾਂ ‘ਚ 4 ਵਿਕਟਾਂ ਗੁਆ ਕੇ 173 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਲਿਆ। ਤੀਜਾ ਅਤੇ ਆਖਰੀ ਮੈਚ 17 ਜਨਵਰੀ ਨੂੰ ਬੈਂਗਲੁਰੂ ‘ਚ ਖੇਡਿਆ ਜਾਵੇਗਾ। ਯਸ਼ਸਵੀ ਜੈਸਵਾਲ ਨੇ 34 ਗੇਂਦਾਂ ‘ਤੇ 68 ਦੌੜਾਂ ਦਾ ਯੋਗਦਾਨ ਦਿੱਤਾ, ਜਿਸ ‘ਚ 6 ਛੱਕੇ ਸ਼ਾਮਲ ਸਨ, ਜਦਕਿ ਸ਼ਿਵਮ ਦੂਬੇ ਨੇ 32 ਗੇਂਦਾਂ ‘ਤੇ 63 ਦੌੜਾਂ ਬਣਾਈਆਂ। ਭਾਰਤ ਨੇ ਇਹ ਮੈਚ 26 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਲਿਆ। ਅਫਗਾਨਿਸਤਾਨ ਲਈ ਗੁਲਬਦੀਨ ਨਾਇਬ ਨੇ ਸਭ ਤੋਂ ਵੱਧ 57 ਦੌੜਾਂ ਬਣਾਈਆਂ, ਉਸ ਤੋਂ ਬਾਅਦ ਮੁਜੀਬ ਉਰ ਰਹਿਮਾਨ ਨੇ 21 ਦੌੜਾਂ ਅਤੇ ਕਰੀਮ ਜਨਤ ਨੇ 20 ਦੌੜਾਂ ਬਣਾਈਆਂ। ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ 32 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਦਕਿ ਸਪਿੰਨਰ ਅਕਸ਼ਰ ਪਟੇਲ ਨੇ 4 ਓਵਰਾਂ ‘ਚ 17 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।
