ਪਟਿਆਲਾ, 24 ਜੁਲਾਈ:
ਪਟਿਆਲਾ ਡਵੀਜਨ ਦੇ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਨੇ ਸਾਬਕਾ ਆਈ.ਏ.ਐਸ. ਡਾ. ਹਰਕੇਸ਼ ਸਿੰਘ ਸਿੱਧੂ ਦੀ ਸਵੈ-ਜੀਵਨੀ ਦੀ ਪੁਸਤਕ ‘ਸਰਪੰਚ ਤੋਂ ਡੀ.ਸੀ. ਤੱਕ’ ਦਾ ਲੋਕ ਅਰਪਣ ਅੱਜ ਇੱਥੇ ਭਾਸ਼ਾ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਕੀਤਾ। ਉਨ੍ਹਾਂ ਦੇ ਨਾਲ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫ਼ਰ ਵੀ ਮੌਜੂਦ ਸਨ। ਇਸ ਦੌਰਾਨ ਪੁਸਤਕ ‘ਤੇ ਹੋਈ ਚਰਚਾ ਦੌਰਾਨ ਵਿਦਵਾਨਾਂ ਨੇ ਡਾ. ਹਰਕੇਸ਼ ਸਿੰਘ ਸਿੱਧੂ ਦੀ ਸਵੈ-ਜੀਵਨੀ ਸਮਾਜਿਕ ਸਰੋਕਾਰਾਂ ‘ਤੇ ਚਾਣਨਾ ਪਾਉਣ ਲਈ ਸਾਹਿਤ ਲਈ ਵਡਮੁੱਲੀ ਪੁਸਤਕ ਕਰਾਰ ਦਿੱਤੀ।
ਮੰਡਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਨੇ ਹਰਕੇਸ਼ ਸਿੰਘ ਸਿੱਧੂ ਨੂੰ ਸੱਚ ‘ਤੇ ਪਹਿਰਾ ਦੇ ਕੇ ਹਮੇਸ਼ਾ ਗ਼ਲਤ ਵਿਰੁੱਧ ਡੱਟਕੇ ਪਹਿਰਾ ਦੇਣ ਵਾਲਾ ਅਧਿਕਾਰੀ ਦੱਸਦਿਆਂ ਕਿਹਾ ਕਿ ਸਿੱਧੂ ਵੱਲੋਂ ਲੋਕ ਹਿੱਤ ਲਈ ਇੱਕ ਜ਼ੁਰਅਤ ਵਾਲੇ ਅਧਿਕਾਰੀ ਵੱਜੋਂ ਨਿਭਾਈਆਂ ਸੇਵਾਵਾਂ ਨੂੰ ਸਦਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਨੇ ਸਿੱਧੂ ਨਾਲ ਆਪਣੇ ਪੀ.ਸੀ.ਐਸ. ਅਧਿਕਾਰੀ ਭਰਤੀ ਹੋਣ ਤੋਂ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਰਹਿਣ ਤੱਕ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੀ ਲੋਕ ਭਲਾਈ ਲਈ ਅੜ ਕੇ ਕੰਮ ਕਰਨ ਦੀ ਇੱਛਾ ਸ਼ਕਤੀ ਅਤੇ ਸਚਾਈ ਉਪਰ ਪਹਿਰਾ ਦੇਣ ਦੀ ਸ਼ਲਾਘਾ ਕੀਤੀ।
ਦਲਜੀਤ ਸਿੰਘ ਮਾਂਗਟ ਨੇ ਕਿਹਾ ਕਿ ਇਹ ਸਿਆਸਤ ਦੀ ਬਦਕਿਸਮਤੀ ਹੀ ਹੈ ਕਿ ਹਰਕੇਸ਼ ਸਿੰਘ ਸਿੱਧੂ ਸਿਆਸਤ ਵਿੱਚ ਫਿੱਟ ਨਹੀਂ ਬੈਠੇ ਤੇ ਸਾਹਿਤ ਜਗਤ ਦੀ ਖੁਸ਼ਕਿਸਮਤੀ ਕਿ ਉਹ ਪੁਸਤਕਾਂ ਲਿਖਕੇ ਪੰਜਾਬੀ ਸਾਹਿਤ ਨੂੰ ਅਮੀਰ ਕਰ ਰਹੇ ਹਨ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫ਼ਰ ਨੇ ਕਿਹਾ ਕਿ ਸਰਪੰਚ ਤੇ ਡੀ.ਸੀ. ਦੋਵੇਂ ਸ਼ਬਦ ਪਾਵਰ ਦਾ ਪ੍ਰਤੀਕ ਹਨ ਅਤੇ ਹਰਕੇਸ਼ ਸਿੰਘ ਸਿੱਧੂ ਨੇ ਇਨ੍ਹਾਂ ਦੋਵਾਂ ਸ਼ਬਦਾਂ ਦਰਮਿਆਨ ਸ਼ਾਨਦਾਰ ਸਫ਼ਰ ਕਰਕੇ ਆਪਦੀ ਇਸ ਜਿੰਦਗੀ ਦਾ ਪ੍ਰਗਟਾਵਾ ਆਪਣੀ ਸਵੈ ਜੀਵਨੀ ਵਿੱਚ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਨੇ ਇਨ੍ਹਾਂ ਦੀ ਮੁਹਾਰਤ ਕਰਕੇ ਹੀ ਹਰਕੇਸ਼ ਸਿੱਧੂ ਨੂੰ ਆਪਣਾ ਮੁੱਖ ਸਲਾਹਕਾਰ ਨਿਯੁਕਤ ਕੀਤਾ ਹੈ ਅਤੇ ਡਾ. ਰਜਿੰਦਰ ਸਿੰਘ ਬਰਾੜ ਦੀਆਂ ਉਪ ਸਲਾਹਕਾਰ ਵਜੋਂ ਸੇਵਾਵਾਂ ਲਈਆਂ ਹਨ।
ਸਾਬਕਾ ਆਈ.ਏ.ਐਸ. ਹਰਕੇਸ਼ ਸਿੰਘ ਸਿੱਧੂ ਨੇ ਦਲਜੀਤ ਸਿੰਘ ਮਾਂਗਟ ਤੇ ਹੋਰਨਾਂ ਦਾ ਧੰਨਵਾਦ ਕਰਦਿਆਂ ਆਪਣੇ ਜਨਮ ਤੋਂ ਲੈਕੇ ਹੁਣ ਤੱਕ ਦੇ ਸਫ਼ਰ ਦਾ ਜਿਕਰ ਕਰਦਿਆਂ ਇਸ ਪੁਸਤਕ ਦੀ ਰਚਨਾ ਬਾਬਤ ਜਾਣਕਾਰੀ ਸਾਂਝੀ ਕੀਤੀ। ਪੁਸਤਕ ‘ਤੇ ਮੁੱਖ ਪਰਚਾ ਪੜ੍ਹਦਿਆਂ ਡਾ. ਰਾਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਇਹ ਪੁਸਤਕ ਅਫ਼ਸਰ ਬਣਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਮਿਹਨਤ ਕਰਨ ਦੀ ਪ੍ਰੇਰਣ ਦੇਣ ਵਾਲੀ ਕਿਤਾਬ ਹੈ। ਉਨ੍ਹਾਂ ਕਿਹਾ ਕਿ ਇਹ ਪੁਸਤਕ ਕੋਈ ਸਿੱਧੂ ਦੇ ਜੀਵਨ ਦਾ ਕੋਈ ਲੁਕਾ ਕੇ ਨਹੀਂ ਰੱਖਦੀ ਸਗੋਂ ਪੂਰੀ ਸਪੱਸ਼ਟਤਾ ਨਾਲ ਲਿਖੀ ਕਿਤਾਬ ਹੈ ਜੋਕਿ ਸਿੱਧੂ ਦੇ ਜੀਵਨ ਦੇ ਚੰਗੇ ਅਤੇ ਮਾੜੇ ਪੱਖਾਂ ਨੂੰ ਚਿਤਰਦੀ ਹੈ।
ਪੰਮੀ ਬਾਈ ਨੇ ਕਿਹਾ ਕਿ ਇਹ ਕਿਤਾਬ ਡਾ. ਹਰਕੇਸ਼ ਸਿੰਘ ਸਿੱਧੂ ਦੇ ਸੰਘਰਸ਼ੀਲ ਜੀਵਨ ‘ਤੇ ਚਾਨਣਾ ਪਾਉਂਦੀ ਹੋਈ ਨੌਜਵਾਨਾਂ ਨੂੰ ਅੱਗੇ ਵੱਧਣ ਲਈ ਉਤਸ਼ਾਹਤ ਕਰੇਗੀ। ਉਨ੍ਹਾਂ ਕਿਹਾ ਕਿ ਸਿੱਧੂ ਨੇ ਪੇਂਡੂ ਪਿਛੋਕੜ, ਵਿਰਸਤੇ ਅਤੇ ਮਿੱਟੀ ਨੂੰ ਉਚ ਅਹੁਦੇ ‘ਤੇ ਜਾਕੇ ਵੀ ਨਹੀਂ ਤਿਆਗਿਆ। ਇਸ ਦੌਰਾਨ ਵੱਖ-ਵੱਖ ਵਿਦਵਾਨਾਂ ਨੇ ਪੁਸਤਕ ਦੇ ਵੱਖ-ਵੱਖ ਸਮਾਜਿਕ ਤੇ ਸਾਹਿਤਕ ਪਹਿਲੂਆਂ ਨੂੰ ਉਭਾਰਿਆ। ਸਾਬਕਾ ਡੀ.ਪੀ.ਆਰ.ਓ. ਉਜਾਗਰ ਸਿੰਘ ਨੇ ਮੰਚ ਸੰਚਾਲਨ ਕੀਤਾ ਅਤੇ ਸੁਖਵਿੰਦਰ ਸਿੰਘ ਫੁੱਲ ਨੇ ਧੰਨਵਾਦ ਕੀਤਾ।
ਪੁਸਤਕ ਲੋਕ ਅਰਪਣ ਦੌਰਾਨ ਸਾਬਕਾ ਚੀਫ਼ ਸੈਟਲਮੈਂਟ ਅਫ਼ਸਰ ਜੀ.ਐਸ. ਸਿੱਧੂ, ਸਾਬਕਾ ਆਈ.ਏ.ਐਸ. ਸ਼ਿਵਦੁਲਾਰ ਸਿੰਘ ਢਿੱਲੋਂ, ਮਨਜੀਤ ਸਿੰਘ ਨਾਰੰਗ ਤੇ ਧਰਮਪਾਲ ਗੁਪਤਾ, ਮਨਵੀਰ ਕੌਰ ਔਜਲਾ, ਦਲਜੀਤ ਕੌਰ ਸਿੱਧੂ, ਸੀਰਤ ਸਿੱਧੂ, ਰਵਿੰਦਰ ਕੌਰ ਕਾਲੇਕਾ, ਦਰਸ਼ਨ ਸਿੰਘ ਆਸ਼ਟ, ਪ੍ਰੋ. ਹਰਜਿੰਦਰ ਸਿੰਘ ਵਾਲੀਆ, ਅਮਰਜੀਤ ਸਿੰਘ ਵੜੈਚ, ਮੂਲ ਚੰਦ ਸ਼ਰਮਾ, ਜੀਤ ਹਰਜੀਤ, ਪ੍ਰਿੰਸੀਪਲ ਚਰਨਜੀਤ ਕੌਰ, ਆਸ਼ਾ ਸ਼ਰਮਾ, ਬਲਬੀਰ ਕੌਰ ਰਾਏਕੋਟੀ, ਹਰਸ਼ਜੋਤ ਕੌਰ, ਤੇਜਾ ਸਿੰਘ ਤਿਲਕ, ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਲੇਖਕ ਸਭਾ ਸੇਖੋਂ, ਨਿਰਮਲ ਗਰਗ, ਪ੍ਰਿੰਸੀਪਲ ਡਾ. ਇਕਬਾਲ ਸਿੰਘ, ਉਂਕਾਰ ਸਿੰਘ ਤੇਜੇ, ਬਾਬਰ ਸਿੰਘ ਸਿੱਧੂ, ਮਹਿੰਦਰ ਸਿੰਘ ਅਟਵਾਲ, ਮੋਹਨ ਦਾਸ, ਪ੍ਰਵੀਨ ਗੋਇਲ, ਜੈਮਲ ਸਿੰਘ, ਸਤਨਾਮ ਸਿੰਘ ਪੰਜਾਬੀ, ਜਸਵਿੰਦਰ ਪੰਜਾਬੀ, ਜਸਵਿੰਦਰ ਸੁਨਾਮੀ, ਅਮਰਜੀਤ ਔਲਖ, ਚਰਨਜੀਤ ਕੌਰ, ਗੁਲਜ਼ਾਰ ਸਿੰਘ ਸ਼ੌਕੀ, ਡਾ. ਐਸ.ਐਸ. ਬਾਠ, ਹਰਜਿੰਦਰ ਕੌਰ ਢੀਂਡਸਾ, ਜਸਵਿੰਦਰ ਕੌਰ, ਡਾ. ਬੀ.ਐਸ. ਸੂਲਰ, ਆਰ.ਐਸ. ਔਲਖ, ਰਿਪਨਜੋਤ ਕੌਰ ਬੱਗਾ, ਪ੍ਰਿਤਪਾਲ ਸਿੰਘ, ਧਰਮੀ ਤੁੰਗਾ ਮੀਤ ਸਕਰੌਦੀ, ਸਾਬਕਾ ਡੀ.ਐਸ.ਪੀ. ਨਾਹਰ ਸਿੰਘ, ਰਾਜਿੰਦਰ ਸਿੰਘ, ਰਾਜਬੰਸ ਕੌਰ, ਡਾ. ਹਰਨੇਕ ਸਿੰਘ ਢੋਟ, ਇੰਦਰਪਾਲ ਸਿੰਘ, ਮਨਜੀਤ ਕੌਰ ਆਜ਼ਾਦ, ਮੀਤ ਜੋਗਿੰਦਰ ਸਿੱਧੂ, ਸੁਖਦਰਸ਼ਨ ਕੌਰ ਸਰਾਓ, ਅੰਬਿਕਾ ਐਸ. ਕੌਰ, ਹਰਿੰਦਰ ਕੌਰ, ਜਗਮੋਹਨ ਕ੍ਰਿਸ਼ਨ ਐਡਵੋਕੇਟ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।