ਪਟਿਆਲਾ, 29 ਅਗਸਤ
ਇਥੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਪਿਤਾ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ (73) ਦਾ ਅੱਜ ਤੜਕਸਾਰ ਦੇਹਾਂਤ ਹੋ ਗਿਆ। ਕੋਹਲੀ ਦੀ ਪਿਛਲੇ ਸਮੇਂ ਤੋਂ ਸਿਹਤ ਨਾਸਾਜ਼ ਹੋਣ ਕਾਰਨ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦਾ ਸਸਕਾਰ 31 ਅਗਸਤ ਸ਼ਾਮੀ ਚਾਰ ਵਜੇ ਬੀਰ ਜੀ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਇਸ ਦੁਖਦਾਈ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਵਿਧਾਇਕ ਅਜੀਤਪਾਲ ਸਿੰਘ ਤੇ ਕੋਹਲੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਜਦਕਿ ਪੰਜਾਬ ਕੈਬਨਿਟ ਨੇ ਆਪਣੀ ਮੀਟਿੰਗ ਵਿੱਚ ਸਵਰਗੀ ਆਗੂ ਨੂੰ ਸ਼ਰਧਾਂਜਲੀ ਦਿੱਤੀ।
ਸੁਰਜੀਤ ਸਿੰਘ ਕੋਹਲੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ। ਉਨ੍ਹਾਂ ਪੰਜਾਬ ਵਿਧਾਨ ਸਭਾ ਵਿੱਚ ਪਟਿਆਲਾ ਦੀ ਨੁਮਾਇੰਦਗੀ ਕੀਤੀ। ਉਹ ਸ਼੍ਰੋਮਣੀ ਅਕਾਲੀ ਦਲ ਦੀ ਪਟਿਆਲਾ (ਸ਼ਹਿਰੀ) ਇਕਾਈ ਦੇ ਪ੍ਰਧਾਨ ਵੀ ਰਹੇ। ਸੁਰਜੀਤ ਸਿੰਘ ਕੋਹਲੀ ਨੇ 1997 ਵਿੱਚ ਅਕਾਲੀ ਦਲ ਲਈ ਪਟਿਆਲਾ (ਸ਼ਹਿਰੀ) ਸੀਟ ਜਿੱਤੀ ਸੀ ਅਤੇ ਕੈਬਨਿਟ ਮੰਤਰੀ ਰਹੇ। ਇਸ ਤੋਂ ਬਾਅਦ ਉਹ ਤਿੰਨ ਵਾਰ ਕੈਪਟਨ ਅਮਰਿੰਦਰ ਸਿੰਘ ਤੋਂ ਹਾਰ ਗਏ ਸਨ। ਉਨ੍ਹਾਂ ਸਿਆਸੀ ਜੀਵਨ ਦੀ ਸ਼ੁਰੂਆਤ ਮਿਉਂਸਪਲ ਕੌਂਸਲਰ ਤੋਂ ਕੀਤੀ ਸੀ, ਬਾਅਦ ’ਚ ਉਹ ਪੰਜਾਬ ਦੇ ਰਾਜ ਮੰਤਰੀ ਬਣੇ ਸਨ।