ਪਟਿਆਲਾ, 15 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)
ਸਰਕਾਰੀ ਮੈਡੀਕਲ ਕਾਲਜ ਵੱਲੋਂ ਚਾਰ ਦਿਨਾਂ ਸਾਲਾਨਾ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਮੈਡੀਕਲ ਕਾਲਜ ਦੀ ਫੈਕਲਟੀ, ਵਿਦਿਆਰਥੀਆਂ ਅਤੇ ਸਟਾਫ਼ ਨੇ ਆਪਣੀ ਪ੍ਰਤਿਭਾ ਨੂੰ ਦਿਖਾਇਆ।
ਇਸ ਸਬੰਧੀ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਨੇ ਦੱਸਿਆ ਕਿ ਇਸ ਸਮਾਗਮ ਦਾ ਉਦੇਸ਼ ਸਾਡੇ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ਼ ਵਿੱਚ ਆਪਸੀ ਸਮਝ ਅਤੇ ਏਕਤਾ ਨੂੰ ਹੋਰ ਵਧਾਉਣਾ ਹੈ। ਉਨ੍ਹਾਂ ਦੱਸਿਆ ਕਿ ਚਾਰ ਦਿਨਾਂ ਤੱਕ ਚੱਲੇ ਸਮਾਗਮ ਵਿੱਚ ਕਾਮੇਡੀ ਸ਼ੋਅ, ਸਟਾਰ ਨਾਈਟ, ਗੀਤ ਗਾਇਨ ਮੁਕਾਬਲਾ, ਡਾਂਸ ਮੁਕਾਬਲਾ, ਫ਼ੈਸ਼ਨ ਸ਼ੋਅ, ਕਾਰਨੀਵਾਲ, ਮਾਸਟਰ ਸ਼ੈੱਫ ਅਤੇ ਵੱਖ-ਵੱਖ ਕਲਾ ਅਤੇ ਸਾਹਿਤਕ ਮੁਕਾਬਲੇ ਵਿੱਚ ਵਿਦਿਆਰਥੀਆਂ ਵਿਚਕਾਰ ਬਹੁਤ ਹੀ ਦਿਲਚਸਪ ਮੁਕਾਬਲੇ ਹੋਏ।
ਸਮਾਗਮ ਦੇ ਅਖਰੀਲੇ ਦਿਨ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਡਾ. ਅਵਨੀਸ਼ ਕੁਮਾਰ ਡਾਇਰੈਕਟਰ ਖੋਜ ਅਤੇ ਮੈਡੀਕਲ ਸਿੱਖਿਆ ਵੱਲੋਂ ਕੀਤੀ ਗਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਸੰਸਥਾ ਦੀ ਬਿਹਤਰੀ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਡਾਇਰੈਕਟਰ ਪ੍ਰਿੰਸੀਪਲ ਡਾ: ਰਾਜਨ ਸਿੰਗਲਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਵਿੱਚ ਆਧੁਨਿਕ ਸਪੋਰਟਸ ਕੰਪਲੈਕਸ ਅਤੇ ਹੋਸਟਲਾਂ ਦਾ ਕੰਮ ਚੱਲ ਰਿਹਾ ਹੈ ਅਤੇ ਇਹ ਇੱਕ ਸਾਲ ਦੇ ਅੰਦਰ ਵਿਦਿਆਰਥੀਆਂ ਨੂੰ ਸੌਂਪੇ ਜਾਣਗੇ। ਏਮਜ਼ ਦਿੱਲੀ ਵਿਖੇ ਆਲ ਇੰਡੀਆ ਮੀਟ ਵਿੱਚ ਬਾਸਕਟ ਬਾਲ ਟੂਰਨਾਮੈਂਟ ਅਤੇ ਫੁੱਟਬਾਲ ਟੂਰਨਾਮੈਂਟ ਵਿੱਚ ਉਪ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਵੀ ਮੁੱਖ ਮਹਿਮਾਨ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਾ. ਆਰ.ਪੀ.ਐਸ ਸਿਬੀਆ ਵਾਈਸ ਪ੍ਰਿੰਸੀਪਲ, ਡਾ.ਐਚ.ਐਸ.ਰੇਖੀ ਐਮ.ਐਸ., ਡਾ. ਵਿਨੋਦ ਡੰਗਵਾਲ ਡੀ.ਐਮ.ਐਸ., ਡਾ. ਪ੍ਰੀਤ ਕਮਲ ਸਿਬੀਆ ਮੁਖੀ ਸੱਭਿਆਚਾਰਕ ਕਮੇਟੀ, ਡਾ. ਮੋਹਨਵੀਰ, ਡਾ. ਮਨਜਿੰਦਰ ਸਿੰਘ ਮਾਨ, ਡਾ. ਅਨੁਪਿੰਦਰ ਥਿੰਦ, ਡਾ. ਪ੍ਰੀਤਇੰਦਰ ਚਾਹਲ ਅਤੇ ਡਾ. ਬਲਪ੍ਰੀਤ ਸੱਭਿਆਚਾਰਕ ਕਮੇਟੀ ਦੇ ਮੈਂਬਰ ਅਤੇ ਫੈਕਲਟੀ ਦੇ ਹੋਰ ਮੈਂਬਰ ਮੌਜੂਦ ਸਨ।