ਹੋਰਨਾਂ ਪਾਰਟੀਆਂ ਵਾਂਗ ਲਾਰੇ ਨਹੀਂ ਲਾਏ, ਕੰਮ ਕੀਤੇ ਕੰਮ, ਕਰਾਂਗੇ -ਮੁੱਖ ਮੰਤਰੀ
ਮਾਛੀਵਾੜਾ ਸਾਹਿਬ -2 ਮਈ- (ਡਾ.ਜਤਿੰਦਰ ਕੁਮਾਰ ਝੜੌਦੀ)
ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਆਪ ਉਮੀਦਵਾਰ ਜੀ.ਪੀ. ਸਿੰਘ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਰਾਂ ਦੀ ਅਗਵਾਈ ਵਿੱਚ ਜੀ.ਪੀ. ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ । ਹਲਕਾ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਇਸ ਰੋਡ ਸ਼ੋਅ ਵਿੱਚ ਸ਼ਮੂਲੀਅਤ ਕੀਤੀ। ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਰਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਆਈ ਹੀ ਇਸ ਵਾਅਦੇ ਨਾਲ ਸੀ ਕਿ ਉਹ ਕੰਮ ਕਰੇਗੀ ਤੇ ਸਰਕਾਰ ਕੰਮ ਕਰ ਰਹੀ ਹੈ ਦੂਸਰੀਆਂ ਪਾਰਟੀਆਂ ਵਾਂਗ ਲਾਰੇਬਾਜੀ ਨਹੀਂ , ਕੰਮ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਕੰਮ ਕਰੇਗੀ ਅਤੇ ਪੰਜਾਬ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਹਨਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਦੇ ਲੋਕਾਂ ਨੇ 92 ਵਿਧਾਇਕ ਬਣਾ ਕੇ ਇੱਕ ਵੱਡਾ ਫਤਵਾ ਜਦੋਂ ਦਿੱਤਾ ਤਾਂ ਬੜੀਆਂ ਆਸਾਂ ਰੱਖੀਆਂ ਸਨ ਤੇ ਅਸੀਂ ਦੋ ਤੋਂ ਢਾਈ ਸਾਲਾਂ ਦੇ ਸਮੇਂ ਦੌਰਾਨ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਆਸਾਂ ਤੇ ਖਰਾ ਉਤਰਿਆ ਜਾਵੇ। ਹਾਲੇ ਸਰਕਾਰ ਕੋਲ ਦੋ ਸਾਲਾਂ ਤੋਂ ਵਧੇਰੇ ਸਮਾਂ ਬਚਿਆ ਆਇਆ ਜਿਸ ਦੌਰਾਨ ਪੰਜਾਬ ਦੇ ਵਿਕਾਸ ਲਈ ਰਹਿੰਦੇ ਕੰਮ ਤੇਜ਼ੀ ਨਾਲ ਆਰੰਭੇ ਗਏ ਹਨ ਤੇ ਉਹਨਾਂ ਨੂੰ ਬਹੁਤ ਜਲਦ ਨੇਪਰੇ ਚਾੜ੍ਹਿਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ,ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਹੈ ਤੇ ਲੋਕ ਹੀ ਸ਼ਾਸਨ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਬਾਕੀ ਪਾਰਟੀਆਂ ਨੂੰ ਤਾਂ ਪੰਜਾਬ ਲਈ ਉਮੀਦਵਾਰ ਹੀ ਨਹੀਂ ਮਿਲ ਰਹੇ,ਤੇ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ ਉਹ ਨਾਰਾਜ਼ਗੀਆਂ ਜਿਤਾ ਰਹੇ ਹਨ,ਤੇ ਆਪਣੇ ਹੀ ਉਮੀਦਵਾਰਾ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ.ਨੂੰ ਥਾਪੜਾ ਦਿੰਦਿਆਂ ਕਿਹਾ ਕਿ ਵਿਧਾਇਕ ਹਰਦੀਪ ਸਿੰਘ ਮੁੰਡੀਆ ਵਰਗੇ ਧੜੱਲੇਦਾਰ ਤੇ ਹਰਮਨ ਪਿਆਰੇ ਆਗੂ ਤੁਹਾਡੀ ਚੋਣ ਮੁਹਿੰਮ ਨੂੰ ਸੰਭਾਲ ਰਹੇ ਹਨ ਤਾਂ ਅੱਧੀ ਜਿੱਤ ਤਾਂ ਹੋ ਗਈ ਸਮਝੋ ਬਾਕੀ ਇੱਕ ਜੂਨ ਨੂੰ ਲੋਕ ਮੱਤ ਪੂਰੀ ਜਿੱਤ ਕਰ ਦੇਵੇਗਾ। ਉਨ੍ਹਾਂ ਭਰਵਾਂ ਇਕੱਠ ਦੇਖ ਵਿਧਾਇਕ ਹਰਦੀਪ ਸਿੰਘ ਮੁੰਡੀਆ ਨੂੰ ਸ਼ਾਬਾਸ਼ੀ ਦਿੰਦਿਆਂ ਹੋਰ ਤਕੜੇ ਹੋਕੇ ਚੋਣ ਪ੍ਰਚਾਰ ਕਰਨ ਲਈ ਕਿਹਾ।ਇਸ ਮੌਕੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਵਿਧਾਇਕ ਤਰਨਪ੍ਰੀਤ ਸਿੰਘ ਸੌਂਦ, ਬਲਾਕ ਪ੍ਰਧਾਨ, ਚੈਅਰਮੈਨ, ਸਰਪੰਚ,ਪੰਚ ਅਤੇ ਵਰਕਰ ਵੱਡੀ ਗਿਣਤੀ ਵਿਚ ਸ਼ਾਮਿਲ ਸਨ।
ਰੋਡ ਸ਼ੋ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਧੰਨਵਾਦ:- ਵਿਧਾਇਕ ਮੁੰਡੀਆਂ
ਇਸ ਮੌਕੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਯਕੀਨ ਦਵਾਇਆ ਕਿ ਗੁਰਪ੍ਰੀਤ ਸਿੰਘ ਜੀਪੀ ਉਮੀਦਵਾਰ ਫਤਿਹਗੜ੍ਹ ਨੂੰ ਵੱਡੀ ਮਾਤਰਾ ਵਿੱਚ ਜਿਤਾ ਕੇ ਸੈਂਟਰ ਵਿੱਚ ਭੇਜਾਂਗੇ ਤਾਂ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹੱਥ ਮਜਬੂਤ ਹੋ ਸਕਣ। ਇਸ ਮੌਕੇ ਵਿਧਾਇਕ ਮੁੰਡੀਆਂ ਨੇ ਰੋਡ ਸ਼ੋਅ ਵਿੱਚ ਸ਼ਾਮਿਲ ਹੋਣ ਵਾਲੇ ਹਰ ਇੱਕ ਵਰਕਰ,ਚੇਅਰਮੈਨ,ਪੰਚ-ਸਰਪੰਚ ਅਤੇ ਵੱਡੀ ਗਿਣਤੀ ਵਿੱਚ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਗੁਰਪ੍ਰੀਤ ਸਿੰਘ ਜੀਪੀ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜੋ ਅਤੇ ਆਪਾਂ ਆਪਣੇ ਇਲਾਕੇ ਦੇ ਰੁਕੇ ਹੋਏ ਕੰਮ ਕਰਵਾ ਸਕੀਏ।