ਪਟਿਆਲਾ, 10 ਅਕਤੂਬਰ:
ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ ਨੇ ਪਰਾਲੀ ਸਾੜਨ ਵਿਰੁੱਧ ਜਾਗਰੂਕਤਾ ਲਈ ਤਿੰਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਦੱਸਿਆ ਕਿ ਇਹ ਵੈਨਾਂ ਡੀਲਾਇਟ ਇੰਡੀਆ ਦੇ ਸਹਿਯੋਗ ਨਾਲ ਵਿਸ਼ੇਸ਼ ਐਲ.ਈ.ਡੀਜ ਲੱਗੀਆਂ ਇਹ ਵੈਨਾਂ ਤਿਆਰ ਕਰਵਾਈਆਂ ਗਈਆਂ ਹਨ, ਜੋ ਕਿ ‘ਕੱਲ ਦਾ ਉਨਤ ਸਿੰਘ’ ਪਾਤਰ ਰਾਹੀਂ ਪਰਾਲੀ ਸਾੜਨ ਦੇ ਬੁਰੇ ਪ੍ਰਭਾਵਾਂ ਤੋਂ ਵਿਸ਼ੇਸ਼ ਵੀਡੀਓਜ ਨਾਲ ਲੋਕਾਂ ਨੂੰ ਜਾਗਰੂਕ ਕਰਨੀਆਂ।
ਜ਼ਿਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਿਆਂ ਇਸ਼ਾ ਸਿੰਗਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਉਨਤ ਕਿਸਾਨ ਐਪ ਵੀ ਬਣਾਈ ਹੈ, ਇਸ ਐਪ ਰਾਹੀਂ ਕਿਸਾਨ ਆਪਣੀ ਲੋੜ ਮੁਤਾਬਕ ਖੇਤੀ ਮਸ਼ੀਨਰੀ ਬੁਕ ਕਰਵਾ ਕੇ ਮਸ਼ੀਨਰੀ ਹਾਸਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਵਾਤਾਵਰਣ ਤੇ ਆਪਣੀ ਜਮੀਨ ਦੀ ਸੰਭਾਲ ਲਈ ਪਰਾਲੀ ਨੂੰ ਅੱਗ ਨਾ ਲਗਾਉਣ।
ਇਸ਼ਾ ਸਿੰਗਲ ਨੇ ਦੱਸਿਆ ਕਿ ਡੀਲਾਇਟ ਇੰਡੀਆ ਵੱਲੋਂ ਪਰਾਲੀ ਪ੍ਰਬੰਧਨ ‘ਤੇ ਅਧਿਐਨ ਕੀਤਾ ਗਿਆ ਹੈ ਤੇ ਕਿਸਾਨਾਂ ਦੀ ਮੰਗ ਮੁਤਾਬਕ ਉਨ੍ਹਾਂ ਨੂੰ ਮਸ਼ੀਨਰੀ ਉਪਲਬੱਧ ਕਰਵਾਉਣ ਲਈ ਪਾਇਲਟ ਪ੍ਰਾਜੈਕਟ ਵਜੋਂ 17 ਪਿੰਡ ਵੀ ਜ਼ਿਲ੍ਹੇ ਵਿੱਚੋਂ ਚੁਣੇ ਗਏ ਹਨ। ਇਨ੍ਹਾਂ ਪਿੰਡਾਂ ਨੂੰ ਮਸ਼ੀਨਰੀ ਡੀਲਾਇਟ ਵੱਲੋਂ ਵੱਖਰੇ ਤੌਰ ‘ਤੇ ਮੁਹੱਈਆ ਕਰਵਾਈ ਜਾਵੇਗੀ। ਏ.ਡੀ.ਸੀ. ਨੇ ਕਿਹਾ ਕਿ ਪੰਜਾਬ ਸਰਕਾਰ ਹਰ ਸੰਭਵ ਉਪਰਾਲਾ ਕਰਕੇ ਜਮੀਨ ਵਿੱਚ ਹੀ ਪਰਾਲੀ ਨੂੰ ਮਿਲਾਉਣ ਲਈ ਕਿਸਾਨਾਂ ਦੀ ਮਦਦ ਕਰ ਰਹੀ ਹੈ ਤਾਂ ਕਿ ਜਮੀਨ ਦੀ ਉਪਜਾਊ ਸ਼ਕਤੀ ਵੀ ਵਧੇ ਤੇ ਸਾਡਾ ਵਾਤਾਵਰਣ ਵੀ ਖ਼ਰਾਬ ਨਾ ਹੋਵੇ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਡੀ.ਐਮ. ਮਨਜੀਤ ਕੌਰ ਤੇ ਡੀਲਾਇਟ ਇੰਡੀਆ ਦੇ ਨੁਮਾਇੰਦੇ ਵੀ ਮੌਜੂਦ ਸਨ।