ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਅਕਾਲ ਬੁੰਗਾ ( ਨਿਹੰਗ ਸਿੰਘਾਂ ਦੀ ਛਾਉਣੀ) ਵਿਖੇ ਕਬਜ਼ੇ ਦਾ ਵਿਵਾਦ ਫਿਲਹਾਲ ਸੁਲਝ ਗਿਆ ਹੈ। ਨਿਹੰਗ ਸਿੰਘਾਂ ਨੇ ਗੁਰੂਘਰ ਤੋਂ ਕਬਜ਼ਾ ਛੱਡ ਦਿੱਤਾ ਹੈ।
ਸੀਨੀਅਰ ਪੁਲਿਸ ਅਧਿਕਾਰੀਆਂ ਤੇ ਨਿਹੰਗ ਸਿੰਘ ਵਿਚਾਲੇ ਲੰਬੀ ਗੱਲਬਾਤ ਤੋਂ ਬਾਅਦ ਸਹਿਮਤੀ ਬਣ ਗਈ ਹੈ। ਗੁਰਪੁਰਬ ਨੂੰ ਮੁੱਖ ਰੱਖਦੇ ਹੋਏ ਨਿਹੰਗ ਸਿੰਘ ਵੀ ਮਸਲੇ ਦੇ ਹੱਲ ਲਈ ਸਹਿਮਤ ਹੋ ਗਏ ਹਨ। ਨਿਹੰਗ ਸਿੰਘ ਆਪਣਾ ਸਾਮਾਨ ਚੁੱਕ ਰਹੇ ਹਨ ਤੇ ਗੁਰੂ ਘਰ ਨੂੰ ਖਾਲੀ ਕਰ ਰਹੇ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਮਾਮਲੇ ਵਿਚ 145 ਦੀ ਕਾਰਵਾਈ ਲਾਗੂ ਹੋ ਰਹੀ। 145 ਦੇ ਤਹਿਤ ਇਸ ਜਗ੍ਹਾ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਵੱਲੋਂ ਰਸੀਵਰ ਨਿਯੁਕਤ ਕੀਤਾ ਗਿਆ ਹੈ।
ਦੱਸ ਦਈਏ ਕਿ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਅਕਾਲ ਬੁੰਗਾ ( ਨਿਹੰਗ ਸਿੰਘਾਂ ਦੀ ਛਾਉਣੀ) ਵਿਖੇ ਗੋਲੀ ਚੱਲਣ ਕਾਰਨ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਜਦ ਕਿ 5 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਇਹ ਘਟਨਾ ਅੱਜ ਸਵੇਰੇ 5 ਵਜੇ ਦੇ ਕਰੀਬ ਵਾਪਰੀ।
ਮ੍ਰਿਤਕ ਦੀ ਪਛਾਣ ਜਸਪਾਲ ਸਿੰਘ ਵਾਸੀ ਪਿੰਡ ਮਨਿਆਲਾ ਜ਼ਿਲਾ ਕਪੂਰਥਲਾ ਵਜੋ ਹੋਈ। ਦੱਸ ਦਈਏ ਕਿ ਬੁੱਢਾ ਦਲ ਦੇ ਦੋ ਧੜੇ ਬਣੇ ਹੋਏ ਹਨ। ਇਨ੍ਹਾਂ ਵਿੱਚ ਗੁਰਦੁਆਰਾ ਅਕਾਲ ਬੁੰਗਾ ‘ਤੇ ਕਬਜ਼ਾ ਲੈਣ ਨੂੰ ਕੇ ਪਿਛਲੇ ਕਈ ਸਾਲਾਂ ਤੋਂ ਖਿੱਚੋਤਾਣ ਚੱਲਦੀ ਆ ਰਹੀ ਸੀ। ਦੋ-ਤਿੰਨ ਦਿਨ ਤੋਂ ਸੁਲਤਾਨਪੁਰ ਵਿੱਚ ਫਿਰ ਦੋਵੇਂ ਧੜੇ ਸਰਗਰਮ ਸਨ।
