ਪਟਿਆਲਾ, 12 ਅਗਸਤ:
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਜ਼ਿਲ੍ਹਾ ਪਟਿਆਲਾ ਦੀ ਯੋਗ ਅਗਵਾਈ ਹੇਠ ਡਾ. ਅਵਨਿੰਦਰ ਸਿੰਘ ਮਾਨ ਖੇਤੀਬਾੜੀ ਅਫ਼ਸਰ ਰਾਜਪੁਰਾ ਦੇ ਪ੍ਰਬੰਧਾਂ ’ਚ ਸੀ.ਆਰ.ਐਮ.ਸਕੀਮ ਅਧੀਨ ਝੋਨੇ ਦੀ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਬਲਾਕ ਰਾਜਪੁਰਾ ਦੇ ਪਿੰਡ ਨਿਆਮਤਪੁਰਾ ਤੇ ਜਨਸੂਆ ਵਿਖੇ ਕੈਂਪ ਲਗਾਏ ਗਏ।
ਕੈਂਪ ਵਿਚ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਡਾ. ਅਵਨਿੰਦਰ ਸਿੰਘ ਮਾਨ ਨੇ ਕਿਸਾਨਾਂ ਨੂੰ ਵਿਸਥਾਰ ਵਿਚ ਵੱਖ- ਵੱਖ ਮਸ਼ੀਨਾਂ ਜਿਵੇਂ ਕਿ ਸੁਪਰਸੀਡਰ, ਸੁਪਰ ਐਸ.ਐਮ.ਐਸ, ਸਮਾਰਟ ਸੀਡਰ, ਹੈਪੀ ਸੀਡਰ, ਚੋਪਰ, ਮਲਚਰ ਕਸਟਮ ਹਾਇਰਿੰਗ ਸੈਂਟਰ ਰਾਹੀਂ, ਕੋਆਪਰੇਟਿਵ ਸੁਸਾਇਟੀਆਂ, ਗਰਾਮ ਪੰਚਾਇਤਾਂ ਅਤੇ ਨਿੱਜੀ ਪੱਧਰ ਤੇ ਸਬਸਿਡੀ ਤੇ ਦਿੱਤੀ ਗਈ ਮਸ਼ੀਨਰੀ ਰਾਹੀਂ ਝੋਨੇ ਦੀ ਪਰਾਲੀ ਨੂੰ ਸੰਭਾਲਣ ਲਈ ਪ੍ਰੇਰਿਤ ਕੀਤਾ।
ਖੇਤੀਬਾੜੀ ਵਿਸਥਾਰ ਅਫ਼ਸਰ ਰਾਜਪੁਰਾ ਸੰਜੀਵ ਕੁਮਾਰ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋ ਵੀ ਛੁਟਕਾਰਾ ਮਿਲਦਾ ਹੈ।
ਖੇਤੀਬਾੜੀ ਵਿਕਾਸ ਅਫ਼ਸਰ ਡਾ. ਅਮਨਦੀਪ ਕੌਰ ਵੱਲੋਂ ਕਿਸਾਨਾਂ ਨੂੰ ਮਿੱਟੀ ਪਾਣੀ ਦੀ ਪਰਖ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਵੱਲੋਂ ਕਿਸਾਨਾਂ ਨੂੰ ਦੱਸਿਆਂ ਗਿਆ ਕਿ ਮਿੱਟੀ ਪਾਣੀ ਪਰਖ ਕਰਵਾਉਣਾ ਕਿਉਂ ਜ਼ਰੂਰੀ ਹੈ ਅਤੇ ਇਸ ਤਰ੍ਹਾਂ ਕਿਸਾਨ ਮਿੱਟੀ ਦੀ ਸਿਹਤ ਬਾਰੇ ਜਾਣ ਸਕਦੇ ਹਨ ਅਤੇ ਮਿੱਟੀ ਸਿਹਤ ਕਾਰਡ ਅਨੁਸਾਰ ਖਾਦਾਂ ਦੀ ਵਰਤੋਂ ਕਰਕੇ ਖੇਤੀ ਖਰਚੇ ਘਟਾ ਸਕਦੇ ਹਨ।
ਖੇਤੀਬਾੜੀ ਵਿਕਾਸ ਅਫ਼ਸਰ ਡਾ. ਅਮਨਪ੍ਰੀਤ ਸਿੰਘ ਸੰਧੂ ਵੱਲੋਂ ਕਿਸਾਨਾਂ ਨੂੰ ਝੋਨੇ ਵਿਚ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਦੱਸਿਆ ਗਿਆ। ਉਨ੍ਹਾਂ ਵੱਲੋਂ ਕਿਸਾਨਾਂ ਨੂੰ ਦੱਸਿਆ ਗਿਆ ਕਿ ਜੇਕਰ ਅਸੀਂ ਲੋੜ ਤੋਂ ਵੱਧ ਖਾਦਾਂ ਦੀ ਵਰਤੋਂ ਕਰਦੇ ਹਾਂ ਤਾਂ ਇਸ ਨਾਲ ਇਕ ਤਾਂ ਖੇਤੀ ਖਰਚੇ ਵੱਧ ਦੇ ਹਨ, ਦੂਜਾ ਕੀੜੇ ਮਕੌੜਿਆਂ ਦਾ ਹਮਲਾ ਵੀ ਵਧਦਾ ਹੈ।
ਖੇਤੀਬਾੜੀ ਵਿਕਾਸ ਅਫ਼ਸਰ ਡਾ. ਜੁਪਿੰਦਰ ਸਿੰਘ ਗਿੱਲ ਵੱਲੋਂ ਝੋਨੇ ਦੇ ਕੀੜੇ ਮਕੌੜੇ, ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਸਮੇਂ -ਸਮੇਂ ਸਿਰ ਖੇਤਾਂ ਦਾ ਦੌਰਾ ਕੀਤਾ ਜਾਵੇ, ਜੇਕਰ ਕਿਸੇ ਬਿਮਾਰੀ ਜਾਂ ਕੀੜੇ ਮਕੌੜੇ ਦੇ ਹਮਲਾ ਦਿਖਦਾ ਹੈ ਤਾਂ ਖੇਤੀਬਾੜੀ ਵਿਭਾਗ, ਰਾਜਪੁਰਾ ਦੇ ਅਧਿਕਾਰੀਆਂ ਨਾਲ ਰਾਬਤਾ ਕੀਤਾ ਜਾਵੇ।
ਇਸ ਮੌਕੇ ਦੌਰਾਨ ਖੇਤੀਬਾੜੀ ਵਿਕਾਸ ਅਫ਼ਸਰ ਡਾ. ਨੀਤੂ ਰਾਣੀ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕੀ ਅੱਜ ਦਾ ਸਮਾਂ ਵਾਤਾਵਰਨ ਨੂੰ ਸਵੱਛ ਰੱਖਣ ਦਾ ਸਮਾਂ ਹੈ ਅਤੇ ਕਿਸਾਨ ਵੀਰ ਵਾਤਾਵਰਨ ਨੂੰ ਸੰਭਾਲਣ ਲਈ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਥਾਂ ਖੇਤਾਂ ਵਿੱਚ ਹੀ ਮਿਲਾ ਕੇ ਅਪਣਾ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ।
ਕੈਂਪ ਦੇ ਅੰਤ ਵਿਚ ਡਾ. ਮਾਨ ਵੱਲੋਂ ਕੈਂਪ ਵਿਚ ਪਹੁੰਚੇ ਕਿਸਾਨਾਂ ਦਾ ਧੰਨਵਾਦ ਕੀਤਾ। ਕੈਂਪ ਵਿਚ ਖੇਤੀਬਾੜੀ ਵਿਭਾਗ ਰਾਜਪੁਰਾ ਦੇ ਸਮੂਹ ਸਟਾਫ਼ ਅਤੇ ਸੂਝਵਾਨ ਕਿਸਾਨ ਨਰਿੰਦਰ ਸਿੰਘ, ਕੁਲਵੰਤ ਸਿੰਘ, ਅਮਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਆਪਣੇ ਵਿਚਾਰ ਰੱਖੇ।