ਸੁਨਾਮ ਊਧਮ ਸਿੰਘ ਵਾਲਾ, ਸੁਨਾਮ,ਜੋਗਿੰਦਰ,27-05-2023(ਪ੍ਰੈਸ ਕੀ ਤਾਕਤ)-ਪਿਛਲੇ ਕਾਫੀ ਸਮੇਂ ਤੋਂ ਨਗਰ ਕੌਂਸਲ ਸੁਨਾਮ ਦੇ ਖਾਲੀ ਪਏ ਦੋ ਮਹੱਤਵਪੂਰਨ ਅਹੁਦਿਆਂ ਲਈ ਅੱਜ ਹੋਈ ਚੋਣ ਵਿਚ ਸਰਬਸੰਮਤੀ ਨਾਲ ਕੌਂਸਲਰ ਆਸ਼ਾ ਬਜਾਜ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਕੌਂਸਲਰ ਗੁਰਤੇਜ ਸਿੰਘ ਨਿੱਕਾ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ ਹੈ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੋਵਾਂ ਅਹੁਦੇਦਾਰਾਂ ਨੂੰ ਮੁਬਾਰਕਬਾਦ ਭੇਟ ਕਰਦਿਆਂ ਕਿਹਾ ਕਿ ਚੋਣ ਨੂੰ ਸਰਬਸੰਮਤੀ ਨਾਲ ਨੇਪਰੇ ਚੜ੍ਹਾ ਕੇ ਕੌਂਸਲਰਾਂ ਵੱਲੋਂ ਸੁਨਾਮ ਸ਼ਹਿਰ ਦੇ ਸਰਵ ਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਪ੍ਰਤੀ ਸਮਰਪਣ ਭਾਵਨਾ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਉਹ ਵਿਸ਼ਵਾਸ ਦਿਵਾਉਂਦੇ ਹਨ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰੀ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਾਡਾ ਇੱਕੋ ਮਕਸਦ ਭ੍ਰਿਸ਼ਟਾਚਾਰ ਦਾ ਮੁਕੰਮਲ ਖਾਤਮਾ ਕਰਕੇ ਵਿਕਾਸ ਨੂੰ ਯਕੀਨੀ ਬਣਾਉਣਾ ਹੈ ਅਤੇ ਅੱਜ ਸਰਬਸੰਮਤੀ ਨਾਲ ਹੋਈ ਇਸ ਚੋਣ ਮੌਕੇ ਦੋਵੇਂ ਅਹੁਦੇਦਾਰਾਂ ਸਮੇਤ ਸਮੁੱਚੀ ਟੀਮ ਵਲੋਂ ਇਹ ਪ੍ਰਣ ਕੀਤਾ ਗਿਆ ਹੈ ਕਿ ਸਮੂਹ ਵਾਰਡਾਂ ਦੇ ਕੰਮ ਬਿਨਾਂ ਕਿਸੇ ਭੇਦਭਾਵ ਤੋਂ ਪਾਰਦਰਸ਼ਤਾ ਨਾਲ ਕਰਵਾਏ ਜਾਣਗੇ। ਕੈਬਨਿਟ ਮੰਤਰੀ ਨੇ ਕਿਹਾ ਕਈ ਵਾਰ ਚੋਣ ਪ੍ਰਕਿਰਿਆ ਦੌਰਾਨ ਅਹੁਦਿਆਂ ਦੀ ਪ੍ਰਾਪਤੀ ਲਈ ਮੈਂਬਰਾਂ ਵੱਲੋਂ ਗਲਤ ਹਥਕੰਡੇ ਅਪਣਾਏ ਜਾਣ ਦੀਆਂ ਸੰਭਾਵਨਾਵਾਂ ਹੁੰਦੀਆਂ ਹਨ ਪਰ ਅੱਜ ਸਰਬਸੰਮਤੀ ਨਾਲ ਹੋਈ ਇਸ ਚੋਣ ਨੇ ਇੱਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਅਜਿਹੀਆਂ ਚੋਣਾਂ ਮੌਕੇ ਅਹਿਮ ਅਹੁਦਿਆਂ ਉੱਤੇ ਕਾਬਜ਼ ਹੋਣ ਲਈ ਲੱਖਾਂ ਰੁਪਏ ਖਰਚ ਕਰਕੇ ਕਰੋੜਾਂ ਰੁਪਏ ਬਟੋਰਨ ਦੀ ਝਾਕ ਰੱਖੀ ਜਾਂਦੀ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਸ ਸਭ ਗੋਰਖਧੰਦੇ ਦਾ ਸਫਾਇਆ ਕਰ ਦਿੱਤਾ ਗਿਆ ਹੈ।
ਅਮਨ ਅਰੋੜਾ ਨੇ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਲੁੱਟ ਖਸੁੱਟ ਨਾ ਪਹਿਲਾਂ ਬਰਦਾਸ਼ਤ ਕੀਤੀ ਹੈ ਅਤੇ ਨਾ ਹੀ ਹੁਣ ਕੀਤੀ ਜਾਵੇਗੀ।
ਇਸ ਮੌਕੇ ਪ੍ਰਧਾਨ ਨਗਰ ਕੌਂਸਲ ਨਿਸ਼ਾਨ ਸਿੰਘ ਟੋਨੀ, ਮੁਕੇਸ਼ ਜੁਨੇਜਾ, ਰਵੀ ਕਾਂਤ ਗੋਇਲ, ਭਾਨੂੰ ਪ੍ਰਤਾਪ, ਮਨਪ੍ਰੀਤ ਬਾਂਸਲ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।