ਸੁਨਾਮ ਊਧਮ ਸਿੰਘ ਵਾਲਾ, ਜੋਗਿੰਦਰ,24-05-2023(ਪ੍ਰੈਸ ਕੀ ਤਾਕਤ)-ਵਿੱਤੀ ਵਸੀਲਿਆਂ ਦੀ ਕਮੀ ਨਾਲ ਜੂਝ ਰਹੇ ਪਰਿਵਾਰਾਂ ਦੀ ਮਦਦ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਆਪਣਾ ਹੱਥ ਅੱਗੇ ਵਧਾਇਆ ਗਿਆ ਹੈ। ਸੁਨਾਮ ਵਿਖੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਹਲਕੇ ਦੇ ਵੱਖ ਵੱਖ ਪਿੰਡਾਂ ਦੀਆਂ ਗਰੀਬ ਤੇ ਲੋੜਵੰਦ ਔਰਤਾਂ ਨੂੰ ਵਿੱਤੀ ਸਹਾਇਤਾ ਵਜੋਂ ਚੈਕ ਪ੍ਰਦਾਨ ਕੀਤੇ। ਅਮਨ ਅਰੋੜਾ ਨੇ ਕਿਹਾ ਕਿ ਸਮੇਂ ਸਮੇਂ ’ਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ੀ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਜੋ ਇਹ ਪਰਿਵਾਰ ਆਪਣਾ ਜੀਵਨ ਬਸਰ ਕਰਨ ਦੇ ਸਮਰੱਥ ਬਣ ਸਕਣ।
ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਦਿਨੀਂ ਅਜਿਹੇ ਹੀ ਬਹੁ ਗਿਣਤੀ ਲੋੜਵੰਦ ਪਰਿਵਾਰਾਂ ਨੂੰ ਪੰਜਾਬ ਸ਼ਹਿਰੀ ਆਵਾਸ ਯੋਜਨਾ ਦੇ ਤਹਿਤ ਮਕਾਨਾਂ ਦੀ ਉਸਾਰੀ ਲਈ ਵਿੱਤੀ ਮਦਦ ਦੇ ਪ੍ਰਵਾਨਗੀ ਪੱਤਰ ਜਾਰੀ ਕੀਤੇੇ ਗਏ ਸਨ ਅਤੇ ਪ੍ਰਾਪਤ ਹੋਣ ਵਾਲੇ ਹਰ ਬਿਨੈ ਪੱਤਰ ’ਤੇ ਕਾਰਵਾਈ ਅਮਲ ਵਿੱਚ ਲਿਆਉਂਦੇ ਹੋਏ ਸਰਕਾਰ ਦੀਆਂ ਵੱਖ ਵੱਖ ਲੋਕ ਪੱਖੀ ਯੋਜਨਾਵਾਂ ਅਧੀਨ ਆਉਂਦੇ ਬਿਨੈਕਾਰਾਂ ਨੂੰ ਮਦਦ ਦਿਵਾਉਣ ਲਈ ਉਹ ਲਗਾਤਾਰ ਸਰਗਰਮ ਹਨ। ਕੈਬਨਿਟ ਮੰਤਰੀ ਵੱਲੋਂ ਚੱਠੇ ਸੇਖਵਾਂ ਵਾਸੀ ਅਮਰਜੀਤ ਕੌਰ, ਬਹਾਦੁਰਪੁਰ ਵਾਸੀ ਅਮਨਦੀਪ ਕੌਰ, ਚਰਨਜੀਤ ਵਾਸੀ ਬਡਰੁੱਖਾਂ, ਗੁਰਤੇਜ ਕੌਰ ਵਾਸੀ ਤੁੰਗਾਂ ਆਦਿ ਨੂੰ ਆਰਥਿਕ ਮਦਦ ਵਜੋਂ ਰਾਸ਼ੀ ਦੇ ਚੈਕ ਦਿੱਤੇ ਗਏ।