ਉੱਤਰਾਖੰਡ,5ਅਪ੍ਰੈਲ (ਪ੍ਰੈਸ ਕੀ ਤਾਕਤ)-ਫ਼ਰਾਰ ਚੱਲ ਰਹੇ ਅੰਮ੍ਰਿਤਪਾਲ ਸਿੰਘ ਦੀ ਭਾਲ ’ਚ ਜੁਟੀ ਪੰਜਾਬ ਪੁਲਿਸ ਲਗਾਤਾਰ ਊਧਮ ਸਿੰਘ ਨਗਰ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਦੇ ਸੰਪਰਕ ’ਚ ਹੈ। ਇਸ ਨੂੰ ਲੈ ਕੇ ਯੂਪੀ ਤੇ ਨੇਪਾਲ ਨਾਲ ਲੱਗੇ ਬਾਰਡਰ ’ਤੇ ਪੁਲਿਸ ਤੇ ਏਜੰਸੀਆਂ ਅਲਰਟ ਮੋਡ ’ਤੇ ਹਨ ਤੇ ਜਗ੍ਹਾ-ਜਗ੍ਹਾ ਚੈਕਿੰਗ ਕੀਤੀ ਜਾ ਰਹੀ ਹੈ।ਅੰਮ੍ਰਿਤਪਾਲ ਸਿੰਘ ਦੇ ਉੱਤਰਾਖੰਡ ਦੇ ਰਸਤੇ ਨੇਪਾਲ ਭੱਜਣ ਦੀ ਸ਼ੰਕਾ ਦਰਮਿਆਨ ਉੱਤਰਾਖੰਡ ਪੁਲਿਸ ਵੀ ਉੱਤਰ ਪ੍ਰਦੇਸ਼ ਦੇ ਬਿਜਨੌਰ, ਮੁਰਾਦਾਬਾਦ, ਰਾਮਪੁਰ, ਪੀਲੀਭੀਤ ਤੇ ਬਰੇਲੀ ਬਾਰਡਰ ਦੇ ਨਾਲ ਹੀ ਨੇਪਾਲ ਨਾਲ ਲੱਗੇ ਬਾਰਡਰ ’ਤੇ ਚੈਕਿੰਗ ਕਰ ਰਹੀ ਹੈ। ਅੰਮ੍ਰਿਤਪਾਲ ਦੀ ਲਖੀਮਪੁਰ ਖੀਰੀ ’ਚ ਮਿਲੀ ਲੋਕੇਸ਼ਨ ਤੋਂ ਬਾਅਦ ਪੰਜਾਬ ਦੇ ਫਗਵਾੜਾ ’ਚ ਉੱਤਰਾਖੰਡ ਨੰਬਰ ਦੀ ਗੱਡੀ ਰਾਹੀਂ ਉਸਦੇ ਪਹੁੰਚਣ ਦੀ ਪੁਸ਼ਟੀ ਹੋਈ। ਪੰਜਾਬ ਪੁਲਿਸ ਨੇ ਗੱਡੀ ਤਾਂ ਫੜ ਲਈ ਪਰ ਅੰਮ੍ਰਿਤਪਾਲ ਸਿੰਘ ਫ਼ਰਾਰ ਹੋ ਗਿਆ ਸੀ। ਉੱਤਰਾਖੰਡ ਨੰਬਰ ਦੀ ਗੱਡੀ ਫੜੇ ਜਾਣ ਤੋਂ ਬਾਅਦ ਪੰਜਾਬ ਪੁਲਿਸ ਨੇ ਚਾਲਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਬਾਅਦ ਜ਼ਿਲ੍ਹਾ ਪੁਲਿਸ ਨੇ ਯੂਪੀ ਤੇ ਨੇਪਾਲ ਨਾਲ ਲਗਦੇ ਬਾਰਡਰ ’ਤੇ ਚੈਕਿੰਗ ਤੇਜ਼ ਕਰ ਦਿੱਤੀ ਹੈ। ਇਸਦੀ ਵੀਡੀਓ ਰਿਕਾਰਡਿੰਗ ਵੀ ਕੀਤੀ ਜਾ ਰਹੀ ਹੈ।