ਸ਼ਰਸਾ ਨਦੀ ਦਾ ਕਿਨਾਰਾ, ਜਿੱਥੇ ਦਸਮ ਪਾਤਸ਼ਾਹ ਦੇ ਪਰਿਵਾਰ ਦਾ ਵਿਛੋੜਾ ਹੋਇਆ, ਜਿੱਥੇ ਹੁਣ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸੁਭਾਇਮਾਨ ਹੈ। ਹਰ ਸਾਲ ਪੋਹ ਮਹੀਨੇ ਦੀ ਸ਼ੁਰੂਆਤ ਦੇ ਨਾਲ ਸ਼ਹੀਦੀ ਪੰਦਰਵਾੜੇ ਦੀ ਵੀ ਸ਼ੁਰੂਆਤ ਹੋ ਜਾਂਦੀ ਹੈ ਜਿਸ ਦੀ ਅਰੰਭਤਾ ਗੁਰਦੁਆਰਾ ਪਰਿਵਾਰ ਵਿਛੋੜੇ ਤੋਂ ਹੁੰਦੀ ਹੈ।
14, 15, 16 ਦਸੰਬਰ ਨੂੰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ ਸਾਲਾਨਾ ਜੋੜ ਮੇਲ ਭਰਦਾ ਹੈ ਜਿਸ ਤਹਿਤ 14 ਦਸੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੁੰਦੀ ਹੈ ਤੇ 16 ਦਸੰਬਰ ਨੂੰ ਭੋਗ ਪਾਏ ਜਾਂਦੇ ਹਨ। ਜੋੜ ਮੇਲ ਦੇ ਆਖਰੀ ਦਿਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦੇ ਹਨ ਤੇ ਧਾਰਮਿਕ ਰਾਜਸੀ ਹਸਤੀਆਂ ਹਾਜ਼ਰੀ ਭਰਦੀਆਂ ਹਨ।
ਇਤਿਹਾਸ ਦੱਸਦਾ ਹੈ ਕਿ ਇਸੇ ਸਰਸਾ ਨਦੀ ਦੇ ਕੰਡੇ ਤੇ 6 ਤੇ 7 ਪੋਹ ਦੀ ਦਰਮਿਆਨੀ ਰਾਤ ਨੂੰ ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁਚਾ ਪਰਿਵਾਰ 4 ਹਿੱਸਿਆਂ ‘ਚ ਵੰਡਿਆ ਗਿਆ ਤੇ ਇਸ ਅਸਥਾਂਨ ਤੇ ਬਹੁਤ ਭਾਰੀ ਜੰਗ ਹੋਈ। ਸਰਸਾ ਨਦੀ ਪਾਰ ਕਰਦਿਆਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਅਲੱਗ ਹੋ ਗਏ। ਇੱਥੋਂ ਹੀ ਗੁਰੂ ਗੋਬਿੰਦ ਸਿੰਘ ਜੀ ਤੇ ਵੱਡੇ ਸਾਹਿਬਜ਼ਾਦੇ ਕੋਟਲਾ ਨਿਹੰਗ ਹੁੰਦੇ ਹੋਏ ਚਮਕੌਰ ਦੀ ਗੜ੍ਹੀ ਵੱਲ ਰਵਾਨਾ ਹੋ ਗਏ।