ਪਟਿਆਲਾ, 2 ਅਪ੍ਰੈਲ (ਪ੍ਰੈਸ ਕੀ ਤਾਕਤ )-1988 ਦੇ ਰੋਡ ਰੇਜ ਕੇਸ ‘ਚ ਇਕ ਸਾਲ ਦੀ ਸਜ਼ਾ ਪੂਰੀ ਕਰਕੇ ਪਟਿਆਲਾ ਜੇਲ੍ਹ ‘ਚੋਂ ਸ਼ਾਮੀਂ 6 ਵਜੇ ਦੇ ਕਰੀਬ ਬਾਹਰ ਆਉਣ ‘ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦਾ ਹਜ਼ਾਰਾਂ ਦੀ ਗਿਣਤੀ ‘ਚ ਪੰਜਾਬ ਭਰ ਤੋਂ ਪੁੱਜੇ ਸਮਰਥਕਾਂ ਨੇ ਫੁੱਲਾਂ ਦਾ ਮੀਂਹ ਵਰਾ ਕੇ ਸਵਾਗਤ ਕੀਤਾ | ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਧਾਕੜ ਅੰਦਾਜ਼ ‘ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੋਟਾਂ ਵੇਲੇ ਲੋਕਾਂ ਨਾਲ ਕੀਤੇ ਝੂਠੇ ਵਾਅਦੇ ਯਾਦ ਕਰਵਾਉਣ ਦੇ ਨਾਲ-ਨਾਲ ਕੇਂਦਰ ਸਰਕਾਰ ਨੂੰ ਵੀ ਘੇਰਿਆ | ਉਨ੍ਹਾਂ ਰਾਹੁਲ ਗਾਂਧੀ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਨੂੰ ਕ੍ਰਾਂਤੀਕਾਰੀ ਦੱਸਿਆ | ਉਨ੍ਹਾਂ ਕਿਹਾ ਕਿ ਮੈਂ ਅੱਜ ਜੋ ਕਰ ਰਿਹਾਂ ਉਹ ਪੰਜਾਬ ਅਤੇ ਕਾਂਗਰਸ ਲਈ ਕਰ ਰਿਹਾ ਹਾਂ ਅਤੇ ਪੰਜਾਬ ਲਈ ਲੜਦਾ ਰਹਾਂਗਾ | ਸਿੱਧੂ ਨੇ ਆਖਿਆ ਕਿ ਭਗਵੰਤ ਮਾਨ ਸੱਤਾ ‘ਚ ਆਉਣ ਤੋਂ ਪਹਿਲਾ ਬਦਲਾਅ ਦੇ ਦਮਗਜੇ ਮਾਰਦਾ ਸੀ ਅਤੇ ਉਸ ਨੇ ਪੰਜਾਬ ਦੇ ਲੋਕਾਂ ਨੂੰ ਝੂਠੇ ਸੁਪਨੇ ਦਿਖਾ ਕੇ ਬੇਵਕੂਫ਼ ਬਣਾਇਆ ਹੈ | ਅੱਜ ਭਗਵੰਤ ਮਾਨ ਸਿਰਫ਼ ਆਪਣੀ ਮਸ਼ਹੂਰੀ ਲਈ ਅਖ਼ਬਾਰੀ ਮੁੱਖ ਮੰਤਰੀ ਬਣ ਕੇ ਰਹਿ ਗਿਆ ਹੈ | ਉਨ੍ਹਾਂ ਅਮਨ-ਕਾਨੂੰਨ ਦੀ ਵਿਵਸਥਾ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਉਸ ਨੇ ਪਹਿਲਾ ਇਕ ਸਿੱਧੂ ਨੂੰ ਮਰਵਾ ਦਿੱਤਾ ਹੈ ਅਤੇ ਉਸ ਸਾਹਮਣੇ ਦੂਜਾ ਸਿੱਧੂ ਖੜ੍ਹਾ ਹੈ | ਉਸ ਨੇ ਕਿਹਾ ਕਿ ਉਹ ਇਸ ਸਥਿਤੀ ‘ਤੇ ਸਿੱਧੂ ਮੂਸੇਵਾਲੇ ਦੇ ਘਰ ਜਾ ਕੇ ਖ਼ੁਲਾਸੇ ਕਰੇਗਾ | ਉਨ੍ਹਾਂ ਨੇ ਪੰਜਾਬ ਦੇ ਮਸਲਿਆਂ ‘ਤੇ ਗੱਲ ਕਰਦਿਆਂ ਕਿਹਾ ਕਿ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦੀ ਗੱਲ ਵੀ ਕੱਚੀ ਨਿਕਲੀ ਹੈ | ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਵੋਟਾਂ ਵੇਲੇ ਝੂਠੇ ਸੁਪਨੇ ਦਿਖਾ ਕੇ ਰੇਤਾ ਬਜਰੀ ਸਸਤਾ ਕਰਨ, ਬਰਗਾੜੀ ਕਾਂਡ ਦਾ ਇਨਸਾਫ਼ ਦਿਵਾਉਣ, ਆਬਕਾਰੀ ਨੀਤੀ ‘ਚ ਸੁਧਾਰ, ਕਰਜ਼ਾ ਉਤਾਰਨ ਅਤੇ ਹੋਰ ਅਨੇਕਾਂ ਵਾਅਦੇ ਕਰਕੇ ਲੋਕਾਂ ਨੂੰ ਗੁਮਰਾਹ ਕੀਤਾ ਸੀ ਪਰ ਜ਼ਮੀਨੀ ਪੱਧਰ ‘ਤੇ ਕੁੱਝ ਨਹੀਂ ਬਦਲਿਆ ਤੇ ਅੱਜ ਪੰਜਾਬ ਦਾ ਵਿਕਾਸ ਠੱਪ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਅਮਨ-ਕਾਨੂੰਨ ਦੀ ਵਿਵਸਥਾ ਦਾ ਮੰਦਾ ਹਾਲ ਅਤੇ ਸੂਬੇ ‘ਚ ਰਾਸ਼ਟਰਪਤੀ ਰਾਜ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪੰਜਾਬ ਸਿਰ ਕਰਜ਼ਾ ਦੁੱਗਣਾ ਹੋ ਗਿਆ ਹੈ ਅਤੇ ਸੂਬੇ ਦੇ ਲੋਕ ਤ੍ਰਾਹ-ਤ੍ਰਾਹ ਕਰ ਰਹੇ ਹਨ |
ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਹੋਣ ਦੇ ਘਟਨਾਕ੍ਰਮ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਦੇਸ਼ ਹਿਤ ਲਈ ਸੱਚ ਦੀ ਆਵਾਜ਼ ਬੁਲੰਦ ਕਰਦੇ ਹੋਏ ਅਸਲ ਅਰਥਾਂ ‘ਚ ਵਿਰੋਧੀ ਧਿਰ ਦੀ ਭੂਮਿਕਾ ਅਦਾ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਅੱਜ ਗ਼ੁਲਾਮ ਹਨ, ਜਿਨ੍ਹਾਂ ਨੂੰ ਆਜ਼ਾਦ ਕਰਵਾਉਣ ਲਈ ਅਤੇ ਅਗਲੀ ਪੀੜ੍ਹੀ ਦੇ ਚੰਗੇ ਭਵਿੱਖ ਲਈ ਰਾਹੁਲ ਗਾਂਧੀ ਲੜਾਈ ਲੜ ਰਿਹਾ ਹੈ ਪਰ ਭਾਜਪਾ ਦੀ ਕੇਂਦਰ ਸਰਕਾਰ ਇਸ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਰਾਸ਼ਟਰ ਧਰਮ ਤੋਂ ‘ਤੇ ਕੋਈ ਧਰਮ ਨਹੀਂ ਅਤੇ ਉਹ ਇਸ ਧਰਮ ਨੂੰ ਨਿਭਾਉਣ ਲਈ ਰਾਹੁਲ ਗਾਂਧੀ ਅਤੇ ਕਾਂਗਰਸ ਨਾਲ ਚੱਟਾਨ ਵਾਂਗ ਖੜ੍ਹਾ ਹੈ |ਨਵਜੋਤ ਸਿੰਘ ਸਿੱਧੂ ਦੀ ਰਿਹਾਈ ਮੌਕੇ ਭਾਵੇਂ ਕਈ ਸੀਨੀਅਰ ਕਾਂਗਰਸੀ ਆਗੂ ਮੌਜੂਦ ਸਨ ਪਰ ਇਸ ਮੌਕੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਗੈਰ-ਹਾਜ਼ਰੀ ਚਰਚਾ ਦਾ ਵਿਸ਼ਾ ਰਹੀ | ਰਿਹਾਈ ਮੌਕੇ ਇਸ ਗੱਲ ਦੀ ਚਰਚਾ ਰਹੀ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਕੁਝ ਦਿਨ ਪਹਿਲਾਂ ਹੋਈ ਰਿਹਾਈ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ ਪਰ ਅੱਜ ਜਦੋਂ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਸੀ ਤਾਂ ਉਨ੍ਹਾਂ ਦਾ ਨਾ ਪਹੁੰਚਣਾ ਸਿੱਧੂ ਦੇ ਸਮਰਥਕਾਂ ਨੂੰ ਖੜਕਦਾ ਰਿਹਾ | ਉਨ੍ਹਾਂ ਕਿਹਾ ਕਿ ਲੋਕਤੰਤਰ ਲੋਕਾਂ ਦੀ ਤਾਕਤ ਹੁੰਦੀ ਹੈ ਪਰ ਕੇਂਦਰ ਸਰਕਾਰ ਨੇ ਇਸ ਨੂੰ ਕੁਝ ਪੂੰਜੀਪਤੀਆਂ ਤੱਕ ਸੀਮਤ ਕਰਕੇ ਭਾਰਤ ਦੇ ਸੰਵਿਧਾਨ ਦੀਆਂ ਕਦਰਾਂ ਕੀਮਤਾਂ ਨੂੰ ਸੱਟ ਮਾਰੀ ਹੈ, ਜੋ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ | ਇਸ ਮੌਕੇ ਕਾਂਗਰਸੀ ਦੇ ਸੀਨੀਅਰ ਆਗੂ ਲਾਲ ਸਿੰਘ, ਸ਼ਮਸ਼ੇਰ ਸਿੰਘ ਦੂਲੋਂ ਸਾਬਕਾ ਪ੍ਰਧਾਨ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਰਾਜਿੰਦਰ ਸਿੰਘ, ਹਰਦਿਆਲ ਸਿੰਘ ਕੰਬੋਜ, ਮਹਿੰਦਰ ਸਿੰਘ ਕੇਪੀ, ਸ਼ੈਰੀ ਰਿਆੜ ਸੀਨੀਅਰ ਯੂਥ ਆਗੂ, ਨਵਤੇਜ ਸਿੰਘ ਚੀਮਾ ਸਾਬਕਾ ਸ਼ਹਿਰੀ ਪ੍ਰਧਾਨ, ਨਰਿੰਦਰ ਲਾਲੀ, ਬਲਿਹਾਰ ਸਿੰਘ ਸ਼ਮਸ਼ਪੁਰ, ਹਰਬੰਸ ਸਿੰਘ ਦਦਹੇੜਾ, ਅੰਮਿ੍ਤ ਸਿੰਘ ਗੱਜੂਮਾਜਰਾ, ਦੀਦਾਰ ਸਿੰਘ ਦੌਣਕਲਾਂ ਅਤੇ ਹੋਰ ਕਾਂਗਰਸੀ ਆਗੂ ਅਤੇ ਸਮਰਥਕ ਜੇਲ੍ਹ ਦੇ ਬਾਹਰ ਹਾਜ਼ਰ ਸਨ |
ਉਪਰੰਤ ਸਿੱਧੂ ਹਜ਼ਾਰਾਂ ਸਮਰਥਕਾਂ ਦਾ ਸਵਾਗਤ ਕਬੂਲਣ ਤੋਂ ਬਾਅਦ ਵੱਡੇ ਕਾਫ਼ਲੇ ਸਮੇਤ ਪਟਿਆਲਾ ਵਿਖੇ ਸਥਿਤ ਆਪਣੀ ਰਿਹਾਇਸ਼ ‘ਤੇ ਪੁੱਜੇ, ਜਿਥੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਅਤੇ ਉਨ੍ਹਾਂ ਦਾ ਪੁੱਤਰ ਕਰਨ ਸਿੱਧੂ ਨੇ ਭਾਵੁਕਤਾ ਭਰਿਆ ਸਵਾਗਤ ਕੀਤਾ |