ਆਸਟਰੇਲਿਆਈ ਮਹਿਲਾ ਕ੍ਰਿਕਟ ਟੀਮ ਨੇ ਅੱਜ ਇੱਥੇ ਪਹਿਲੇ ਇੱਕ ਦਿਨਾਂ ਮੈਚ ਵਿੱਚ ਭਾਰਤੀ ਟੀਮ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਜੈਮੀਮਾ ਰੌਡਰਿਗਜ਼ ਅਤੇ ਪੂਜਾ ਵਸਤਰਾਕਰ ਦੇ ਨੀਮ ਸੈਂਕੜਿਆਂ ਸਦਕਾ 50 ਓਵਰਾਂ ’ਚ 8 ਵਿਕਟਾਂ ਗੁਆ ਕੇ 282 ਬਣਾਈਆਂ ਸਨ।
ਟੀਚੇ ਦਾ ਪਿੱਛਾ ਕਰਦਿਆਂ ਆਸਟਰੇਲੀਆ ਟੀਮ ਨੇ ਫੋਏਬੇ ਲਿਚਫੀਲਡ (78 ਦੌੜਾਂ) ਅਤੇ ਐਲਿਸੇ ਪੈਰੀ (75 ਦੌੜਾਂ) ਵੱਲੋਂ ਦੂਜੀ ਵਿਕਟ ਲਈ ਕੀਤੀ 148 ਦੌੜਾਂ ਭਾਈਵਾਲੀ ਸਦਕਾ 46.3 ਓਵਰਾਂ ’ਚ ਹੀ 285 ਦੌੜਾਂ ਬਣਾਉਂਦਿਆਂ ਜਿੱਤ ਹਾਸਲ ਕਰ ਲਈ। ਇਸ ਜਿੱਤ ਨਾਲ ਮਹਿਮਾਨ ਟੀਮ ਨੇ ਤਿੰਨ ਮੈਚਾਂ ਦੀ ਲੜੀ ’ਚ 1-0 ਦੀ ਲੀਡ ਹਾਸਲ ਕਰ ਲਈ ਹੈ।
ਹਾਲਾਂਕਿ ਭਾਰਤੀ ਗੇਂਦਬਾਜ਼ ਰੇਣੂਕਾ ਠਾਕੁਰ ਸਿੰਘ ਨੇ ਸਲਾਮੀ ਬੱਲੇਬਾਜ਼ ਐਲਿਸਾ ਹੀਲੀ ਨੂੰ ਪਹਿਲੇ ਓਵਰ ’ਚ ਸਿਫਰ ’ਤੇ ਆਊਟ ਕਰ ਦਿੱਤਾ ਪਰ ਬਾਅਦ ਵਿੱਚ ਭਾਰਤੀ ਗੇਂਦਬਾਜ਼ ਕੋਈ ਖਾਸ ਪ੍ਰਭਾਵ ਨਾ ਛੱਡ ਸਕੀਆਂ। ਫੋਏਬੇ ਅਤੇ ਐਲਿਸੇ ਪੈਰੀ ਦੇ ਆਊਟ ਹੋਣ ਮਗਰੋਂ ਬੈੱਥ ਮੂਨੀ ਨੇ 47 ਗੇਂਦਾਂ ’ਤੇ 42 ਦੌੜਾਂ ਅਤੇ ਟੀ. ਮੈਕਗਰਾਥ ਨੇ 55 ਗੇਂਦਾਂ ’ਤੇ 68 ਦੌੜਾਂ ਦੀ ਪਾਰੀ ਖੇਡਦਿਆਂ ਚੌਥੀ ਵਿਕਟ ਲਈ 88 ਦੌੜਾਂ ਜੋੜੀਆਂ ਅਤੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਭਾਰਤ ਵੱਲੋਂ ਰੇਣੂਕਾ ਠਾਕੁਰ ਸਿੰਘ, ਪੂੁਜਾ ਵਸਤਰਾਕਰ, ਸਨੇਹ ਰਾਣਾ ਅਤੇ ਦੀਪਤੀ ਸ਼ਰਮਾ ਨੇ ਇੱਕ-ਇੱਕ ਵਿਕਟ ਹਾਸਲ ਕੀਤੀ। ਕਪਤਾਨ ਹਰਮਨਪ੍ਰੀਤ ਕੌਰ ਗੇਂਦਬਾਜ਼ੀ ’ਚ ਅੱਜ ਕੋਈ ਕਮਾਲ ਨਾ ਕਰ ਸਕੀ। ਸ਼ਾਨਦਾਰ ਪ੍ਰਦਰਸ਼ਨ ਲਈ ਆਸਟਰੇਲੀਆ ਦੀ ਫੋਏਬੇ ਲਿਚਫੀਲਡ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ।
ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਜੈਮੀਮਾ ਰੌਡਰਿਗਜ਼ (82 ਦੌੜਾਂ) ਤੇ ਪੂਜਾ ਵਸਤਰਾਕਰ (ਨਾਬਾਦ 62 ਦੌੜਾਂ) ਦੇ ਨੀਮ ਸੈਂਕੜਿਆਂ ਸਦਕਾ 282 ਦੌੜਾਂ ਬਣਾਈਆਂ। ਭਾਰਤੀ ਮਹਿਲਾ ਟੀਮ ਦਾ ਇਕ ਦਿਨਾ ਮੈਚਾਂ ਵਿੱਚ ਇਹ ਸਭ ਤੋਂ ਵੱਡਾ ਸਕੋਰ ਹੈ।

