ਆਸਟਰੇਲੀਆ ਨੇ ਇੱਥੇ ਪਹਿਲੇ ਟੈਸਟ ਮੈਚ ਦੇ ਚੌਥੇ ਦਿਨ ਅੱਜ ਪਾਕਿਸਤਾਨ ਨੂੰ 360 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ’ਚ 1-0 ਦੀ ਲੀਡ ਹਾਸਲ ਕਰ ਲਈ ਹੈ। ਮੇਜ਼ਬਾਨ ਟੀਮ ਨੇ ਪਾਕਿਸਤਾਨ ਨੂੰ ਜਿੱਤ ਲਈ 450 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਦਾ ਪਿੱਛਾ ਕਰਦਿਆਂ ਮਹਿਮਾਨ ਟੀਮ ਸਿਰਫ 89 ਦੌੜਾਂ ’ਤੇ ਹੀ ਆਊਟ ਹੋ ਗਈ। ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 487 ਅਤੇ ਦੂਜੀ ਪਾਰੀ ਵਿੱਚ 233 ਦੌੜਾਂ ਬਣਾਈਆਂ ਸਨ। ਪਾਕਿਸਤਾਨ ਟੀਮ ਪਹਿਲੀ ਪਾਰੀ ’ਚ 271 ਦੌੜਾਂ ਹੀ ਬਣਾ ਸਕੀ ਸੀ। ਇਸੇ ਦੌਰਾਨ ਆਸਟਰੇਲੀਆ ਦਾ ਸਪਿੰਨਰ ਨਾਥਨ ਲਿਓਨ 500 ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ਾਂ ਵਿੱਚ ਸ਼ਾਮਲ ਹੋ ਗਿਆ ਹੈ। ਉਸ ਨੇ ਪਾਕਿਸਤਾਨੀ ਬੱਲੇਬਾਜ਼ ਫਹੀਮ ਅਸ਼ਰਫ ਨੂੰ ਆਊਟ ਕਰ ਕੇ ਇਹ ਉਪਲਬਧੀ ਹਾਸਲ ਕੀਤੀ। ਇਸ ਤੋਂ ਪਹਿਲਾਂ ਆਸਟਰੇਲੀਆ ਵੱਲੋਂ ਸ਼ੇਨ ਵਾਰਨ ਅਤੇ ਗਲੈੱਨ ਮੈਕਗਰਾਥ ਨੇ ਇਹ ਉਪਲੱਬਧੀ ਹਾਸਲ ਕੀਤੀ ਸੀ। ਨਾਥਨ ਲਿਓਨ 500 ਵਿਕਟਾਂ ਲੈਣ ਵਾਲਾ ਆਸਟਰੇਲੀਆ ਦਾ ਤੀਜਾ ਅਤੇ ਦੁਨੀਆਂ ਦਾ 8ਵਾਂ ਗੇਂਦਬਾਜ਼ ਬਣ ਗਿਆ ਹੈ। ਮਿਚੇਲ ਮਾਰਸ਼ ਨੂੰ ‘ਪਲੇਅਰ ਆਫ ਦਿ ਮੈਚ ਚੁਣਿਆ ਗਿਆ।