ਜਨਵਰੀ 26,2024 (ਪ੍ਰੈਸ ਕੀ ਤਾਕਤ ਬਿਊਰੋ):
ਮੁੱਖ ਮੰਤਰੀ ਮਨੋਹਰ ਲਾਲ ਨੇ ਟੋਹਾਣਾ ਹਲਕੇ ਦੇ ਪਿੰਡ ਡੁੱਲਟ ਵਿੱਚ ਕੱਲ੍ਹ ਦੇਰ ਸ਼ਾਮ ਅੰਮ੍ਰਿਤ ਸਰੋਵਰ ਸਕੀਮ ਹੇਠ ਸੂਬੇ ਵਿੱਚ ਬਣਾਏ ਗਏ ਕਰੀਬ 60 ਸਰੋਵਰਾਂ ਦਾ ਉਦਘਾਟਨ ਕੀਤਾ। ਡੁੱਲਟ ਦੇ ਇਕ ਸਰਕਾਰੀ ਸਮਾਗਮ ਵਿੱਚ ਸੰਸਦ ਮੈਂਬਰ ਸੁਨੀਤਾ ਦੁੱਗਲ, ਵਿਧਾਇਕ ਦੁੜਾਰਾਮ, ਕੈਬਨਿਟ ਮੰਤਰੀ ਦਵਿੰਦਰ ਸਿੰਘ ਬਬਲੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਗਿਰੋਹਾ, ਜ਼ਿਲ੍ਹਾ ਅਧਿਕਾਰੀ ਤੇ ਭਾਜਪਾ ਜ਼ਿਲ੍ਹਾ ਵਰਕਰਾਂ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਦੇਸ਼ ਵਿੱਚ 2024 ਕਰੋੜ ਰੁਪਏ ਦੀਆਂ ਵਿਕਾਸ ਸਕੀਮਾਂ ਦਾ ਨੀਂਹ ਪੱਥਰ ਰੱਖਿਆ ਗਿਆ ਤੇ ਉਦਘਾਟਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤ ਸਰੋਵਰ ਦੀ ਕਲਪਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਧਾਰ ’ਤੇ ਸੂਬੇ ਵਿੱਚ ਸ਼ੁਰੂ ਕੀਤੀ ਗਈ ਸੀ। ਸੂਬੇ ਵਿੱਚ 18 ਹਜ਼ਾਰ ਤਲਾਬ ਹਨ। ਮੁੱਖ ਮੰਤਰੀ ਨੇ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ ਕਿ 60 ਸਰੋਵਰਾਂ ’ਚੋਂ 31 ਤਾਂ ਕੇਵਲ ਕੈਬਨਿਟ ਮੰਤਰੀ ਦਵਿੰਦਰ ਸਿੰਘ ਬਬਲੀ ਨੇ ਜ਼ਿਲ੍ਹਾ ਫਤਿਹਾਬਾਦ ਵਿੱਚ ਹੀ ਰੱਖ ਲਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਫਤਿਹਾਬਾਦ ਦੇ 31 ਸਰੋਵਰ ਸਾਰੇ ਹਰਿਆਣਾ ਲਈ ਮਿਸਾਲ ਬਣਨਗੇ। ਉਨ੍ਹਾਂ ਕਿਹਾ ਕਿ ਸੂਬੇ ਨੂੰ ਪੀਣ ਲਈ, ਰੋਜ਼ਮਰਾ ਦੇ ਕੰਮਾਂ ਲਈ, ਖੇਤੀ-ਕਾਰੋਬਾਰ ਲਈ ਵੱਡੀ ਪੱਧਰ ’ਤੇ ਪਾਣੀ ਦੀ ਲੋੜ ਹੈ। ਐੱਸਵਾਈਐੱਲ ਦਾ ਪਾਣੀ ਵੀ ਨਹੀਂ ਮਿਲ ਰਿਹਾ ਫ਼ਿਰ ਵੀ ਟੇਲ ਦੇ ਆਖ਼ਰੀ ਖੇਤ ਤੱਕ ਪਾਣੀ ਪੁੱਜਦਾ ਕੀਤਾ ਜਾ ਰਿਹਾ ਹੈ। ਰਾਜਸਥਾਨ ਹੱਦ ਨਾਲ ਪੈਂਦੀਆਂ 300 ਟੇਲਾਂ ’ਤੇ ਪਾਣੀ ਪੁੱਜਦਾ ਯਕੀਨੀ ਬਣਾਇਆ ਗਿਆ ਹੈ। ਮੁੱਖ ਮੰਤਰੀ ਨੇ ਸੰਤ ਸੀਚੇਵਾਲ ਟੈਕਨਾਲੋਜੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸੇ ਆਧਾਰ ’ਤੇ ਤਲਾਬਾਂ ਦਾ ਪਾਣੀ ਸਾਫ਼ ਕਰ ਕੇ ਪ੍ਰਯੋਗ ਕੀਤਾ ਜਾਵੇਗਾ।