ਲੁਧਿਆਣਾ 5 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ) :
ਥਾਣਾ ਡਿਵੀਜ਼ਨ ਨੰਬਰ 2 ਦੇ ਖੇਤਰ ਵਿਚ ਸ਼ਿਵ ਸੈਨਾ ਆਗੂ ਸੰਦੀਪ ਉਰਫ਼ ਗੋਰਾ ਥਾਪਰ ’ਤੇ ਕੁਝ ਅਣਪਛਾਤੇ ਨਿਹੰਗਾਂ ਨੇ ਭਰੇ ਬਾਜ਼ਾਰ ਸ਼ਰੇਆਮ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ। ਨਿਹੰਗਾਂ ਦੇ ਬਾਣੇ ਵਿਚ ਤਿੰਨ ਲੋਕਾਂ ਨੇ ਐਕਟਿਵਾ ‘ਤੇ ਜਾ ਰਹੇ ਸ਼ਿਵ ਸੈਨਾ ਆਗੂ ਸੰਦੀਪ ਉਰਫ਼ ਗੋਰਾ ਨੂੰ ਭਰੇ ਬਾਜ਼ਾਰ ਵਿਚ ਰੋਕਿਆ ਅਤੇ ਇਕ ਤੋਂ ਬਾਅਦ ਇਕ ਤਲਵਾਰ ਨਾਲ ਤਾਬੜ-ਤੋੜ ਵਾਰ ਕਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਖੂਨ ਨਾਲ ਲਥਪਥ ਸੰਦੀਪ ਉਰਫ ਗੋਰਾ ਜ਼ਮੀਨ ‘ਤੇ ਡਿੱਗ ਗਿਆ ਅਤੇ ਇਸ ਦੇ ਬਾਵਜੂਦ ਇਕ ਨਿਹੰਗ ਉਸ ‘ਤੇ ਤਲਵਾਰ ਨਾਲ ਤਾਬੜਤੋੜ ਵਾਰ ਕਰਦਾ ਰਿਹਾ। ਜਿਸ ਤੋਂ ਬਾਅਦ ਬੇਹੱਦ ਗੰਭੀਰ ਹਾਲਤ ਵਿਚ ਗੋਰਾ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਸੀ. ਐੱਮ. ਸੀ. ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਸ਼ਿਵ ਸੈਨਾ ਦੇ ਆਗੂਆਂ ਨੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਹੈ। ਇਥੇ ਹੈਰਾਨ ਕਰ ਵਾਲੀ ਗੱਲ ਇਹ ਹੈ ਕਿ ਜਿਸ ਸਮੇਂ ਸ਼ਿਵ ਸੈਨਾ ਆਗੂ ‘ਤੇ ਹਮਲਾ ਹੋਇਆ, ਉਸ ਸਮੇਂ ਉਸ ਨਾਲ ਪੰਜਾਬ ਪੁਲਸ ਦਾ ਸੁਰੱਖਿਆ ਮੁਲਾਜ਼ਮ ਵੀ ਮੌਜੂਦ ਸੀ ਅਤੇ ਇਕ ਨਿਹੰਗ ਉਸ ਨੂੰ ਗੱਲਾਂ ਵਿਚ ਪਾ ਕੇ ਪਿੱਛੇ ਲੈ ਗਿਆ ਜਿਸ ਤੋਂ ਬਾਅਦ ਉਹ ਨਜ਼ਰ ਨਹੀਂ ਆਇਆ।