ਪਟਿਆਲਾ, 23 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)
ਆਪਸੀ ਸਮਝੌਤੇ ਸਬੰਧੀ ਭਾਜਪਾ ਅਤੇ ਅਕਾਲੀ ਦਲ ਇੱਕ ਵਾਰ ਮੁੜ ਨਰਮ ਪਏ ਨਜ਼ਰ ਆ ਰਹੇ ਹਨ। ਹਾਲ ਹੀ ਵਿਚ ਭਾਜਪਾ ਦੇ ਸੂਬਾਈ ਪ੍ਰਧਾਨ ਬਣਾਏ ਗਏ ਸੁਨੀਲ ਜਾਖੜ ਦੀ ਸੁਰ ਵੀ ਅੱਜ ਇਸ ਸਬੰਧੀ ਨਰਮ ਜਾਪੀ। ਪ੍ਰਧਾਨ ਬਣਨ ਮਗਰੋਂ ਅੱਜ ਪਹਿਲੀ ਵਾਰ ਪਟਿਆਲਾ ਪੁੱਜੇ ਸੁਨੀਲ ਜਾਖੜ ਨੇ ਸਮਝੌਤੇ ਸਬੰਧੀ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਿੱਧੇ ਸਵਾਲ ਦਾ ਸਿਆਸੀ ਜਵਾਬ ਦਿੱਤਾ।
ਉਨ੍ਹਾਂ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਅਕਾਲੀ ਦਲ ਤੇ ਭਾਜਪਾ ’ਚ ਸਮਝੌਤੇ ਦੀਆਂ ਸੰਭਾਵਨਾਵਾਂ ਹਨ ਤਾਂ ਉਨ੍ਹਾਂ ਦਾ ਜਵਾਬ ਸੀ ਕਿ ‘ਦੇਖੋ ਜੀ ਅਕਾਲੀ ਦਲ ਨਾਲ ਭਾਜਪਾ ਦਾ ਜਦੋਂ ਸਮਝੌਤਾ ਹੋਇਆ ਸੀ, ਉਹ ਪੰਜਾਬ ਦੀ ਸਾਂਝ ਅਤੇ ਅਮਨ ਸ਼ਾਂਤੀ ਨੂੰ ਲੈ ਕੇ ਕੀਤਾ ਗਿਆ ਸੀ। ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਜਿਹੀ ਭਾਵਨਾ ਸੀ ਕਿ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ’ਤੇ ਕਿਸੇ ਤਰ੍ਹਾਂ ਦੀ ਵੀ ਕੋਈ ਆਂਚ ਨਾ ਆਵੇ। ਉਨ੍ਹਾਂ ਕਿਹਾ ਕਿ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵਾਲੀ ਹੀ ਭਾਵਨਾ ਰੱਖਦੇ ਹਨ। ਉਹ ਅਨੇਕਾਂ ਮੱਦਾਂ ’ਤੇ ਵਾਜਪਾਈ ਦੇ ਏਜੰਡਿਆਂ ਨੂੰ ਹੀ ਅੱਗੇ ਵਧਾਉਂਦੇ ਆ ਰਹੇ ਹਨ। ਅੱਜ ਦੀ ਇਸ ਵਾਰਤਾਲਾਪ ’ਚ ਸ੍ਰੀ ਜਾਖੜ ਨੇ ਇਹ ਸਮਝੌਤਾ ਹੋਣ ਸਬੰਧੀ ਇੱਕ ਵਾਰ ਵੀ ਸਿੱਧੇ ਤੌਰ’ਤੇ ਹਾਮੀ ਨਹੀਂ ਭਰੀ ਪਰ ਉਨ੍ਹਾਂ ਇਨਕਾਰ ਵੀ ਨਹੀਂ ਕੀਤਾ। ਭਾਜਪਾ ਨੂੰ ਹਮੇਸ਼ਾ ਤੋਂ ਅਤੇ ਹਮੇਸ਼ਾ ਲਈ ਪੰਜਾਬ ਦੀ ਭਾਈਚਾਰਕ ਸਾਂਝ ਅਤੇ ਅਮਨ ਸ਼ਾਂਤੀ ਦੀ ਮੁਦਈ ਦੱਸਦਿਆਂ, ਉਨ੍ਹਾਂ ਅਕਾਲੀ-ਭਾਜਪਾ ਦੇ ਸਮਝੌਤੇ ਸਬੰਧੀ ਸਵਾਲ ਦਾ ਜਵਾਬ ਇਹ ਕਹਿ ਕੇ ਸਮਾਪਤੀ ਕੀਤੀ ਕਿ ਭਾਜਪਾ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਅਤੇ ਅਮਨ ਸ਼ਾਂਤੀ ’ਤੇ ਕਦੇ ਵੀ ਆਂਚ ਨਹੀਂ ਆਉਣ ਦੇਵੇਗੀ। ਜ਼ਿਕਰਯੋਗ ਹੈ ਕਿ ਢਾਈ ਦਹਾਕੇ ਪਹਿਲਾਂ ਪਈ ਅਕਾਲੀ ਭਾਜਪਾ ਦੀ ਸਾਂਝ ਖੇਤੀ ਸਬੰਧੀ ਬਿੱਲਾਂ ਸਬੰਧੀ ਵਿਵਾਦ ਦੌਰਾਨ ਟੁੱਟ ਗਈ ਸੀ। ਰਾਜਸੀ ਮਾਹਿਰਾਂ ਦਾ ਕਹਿਣਾ ਹੈ ਕਿ ਸਮਝੌਤੇ ਦੀ ਗੱਲ ਅੰਦਰੋ ਅੰਦਰੀ ਅਜੇ ਵੀ ਜਾਰੀ ਹੈ। ਭਾਜਪਾ ਵੱਲੋਂ ਵੱਧ ਸੀਟਾਂ ਦੀ ਮੰਗ ਅੜਿੱਕਾ ਬਣੀ ਹੋਈ ਹੈ। ਕਈ ਕਾਂਗਰਸੀ ਨੇਤਾਵਾਂ ਸਣੇ ਹੋਰਨਾਂ ਦੀ ਸ਼ਮੂਲੀਅਤ ਤੇ ਹੋਰ ਕਾਰਨਾਂ ਕਰਕੇ ਭਾਜਪਾ ਪਹਿਲਾਂ ਨਾਲੋਂ ਵੱਧ ਆਧਾਰ ਰੱਖਣ ਲੱਗੀ ਹੈ। ਇਸ ਕਰਕੇ ਸੀਟਾਂ ਵੀ ਵੱਧ ਮੰਗੀਆਂ ਜਾ ਰਹੀਆਂ ਹਨ।
ਇਸ ਸਬੰਧੀ ਅਕਾਲੀ ਦਲ ਦੇ ਦੋ ਵੱਡੇ ਨੇਤਾਵਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਇਹ ਸਮਝੌਤਾ ਦੋਹਾਂ ਧਿਰਾਂ ਲਈ ਲਾਹੇਵੰਦ ਹੈ। ਵਰਨਾ ਦੋਵਾਂ ਦਾ ਹੀ ਕੁਝ ਨਹੀਂ ਬਣਨਾ। ਇਸ ਤਰ੍ਹਾਂ ਕਈ ਹੋਰਨਾਂ ਅਕਾਲੀ ਕਾਰਕੁਨਾਂ ਨੇ ਵੀ ਸਮਝੌਤੇ ਨੂੰ ਜ਼ਰੂਰੀ ਦੱਸਿਆ। ਉਧਰ, ਅਕਾਲੀ ਦਲ ਛੱਡ ਕੇ ਭਾਜਪਾ ’ਚ ਗਏ ਕਈ ਅਕਾਲੀ ਨੇਤਾ ਸਮਝੌਤੇ ਦੀ ਚਰਚਾ ਤੋਂ ਨਾਖੁਸ਼ ਵੀ ਹਨ।