ਨੈਸ਼ਨਲ ਡੈਸਕ,11 ਜੁਲਾਈ 2023 ( ਪ੍ਰੈਸ ਕੀ ਤਾਕਤ ਬਿਊਰੋ ) : ਉੱਤਰੀ ਭਾਰਤ ਦੇ ਕਈ ਇਲਾਕਿਆਂ ‘ਚ ਪੈ ਰਹੇ ਭਾਰੀ ਮੀਂਹ ਕਾਰਨ ਪਹਾੜਾਂ ‘ਤੇ ਹਾਲਾਤ ਖ਼ਰਾਬ ਹਨ, ਉੱਥੇ ਹੀ ਮੈਦਾਨੀ ਇਲਾਕਿਆਂ ‘ਚ ਵੀ ਹੜ੍ਹ ਵਰਗੇ ਹਾਲਾਤ ਹਨ। ਮੀਂਹ ਦੇ ਕਾਰਨ ਕਿਤੇ ਲੈਂਡ ਸਲਾਈਡ ਹੋ ਰਹੀ ਹੈ ਅਤੇ ਕਿਤੇ ਆਸਮਾਨ ਤੋਂ ਮੀਂਹ ਦਾ ਕਹਿਰ ਢਹਿ ਰਿਹਾ ਹੈ। ਸੋਮਵਾਰ ਰਾਤ ਨੂੰ ਉੱਤਰਕਾਸ਼ੀ ‘ਚ ਨੈਸ਼ਨਲ ਹਾਈਵੇਅ ‘ਤੇ ਡਿੱਗੇ ਬੋਲਡਰ ਕਾਰਨ 4 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ, ਜਦੋਂ ਕਿ 6 ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਗੰਗੋਤਰੀ ਤੋਂ ਉੱਤਰਕਾਸ਼ੀ ਵੱਲ ਵਾਪਸ ਜਾ ਰਹੇ ਸ਼ਰਧਾਲੂਆਂ ਦੇ ਵਾਹਨਾਂ ਉੱਪਰ ਸੁਨਗਰ ਨੇੜੇ ਪਹਾੜੀਆਂ ਤੋਂ ਬੋਲਡਰ ਡਿੱਗੇ। ਇਸ ਕਾਰਨ 3 ਸ਼ਰਧਾਲੂ ਵਾਹਨ ਮਲਬੇ ‘ਚ ਫਸ ਗਏ। ਸਥਾਨਕ ਲੋਕਾਂ ਦੀ ਮਦਦ ਨਾਲ ਕੁੱਝ ਸ਼ਰਧਾਲੂਆਂ ਨੂੰ ਦੇਰ ਰਾਤ ਹੀ ਕੱਢ ਲਿਆ ਗਿਆ।ਇਸ ਹਾਦਸੇ ‘ਚ ਮਾਰੇ ਗਏ ਸ਼ਰਧਾਲੂ ਮੱਧ ਪ੍ਰਦੇਸ਼ ਦੇ ਇੰਦੌਰ ਦੇ ਰਹਿਣ ਵਾਲੇ ਹਨ, ਜੋ ਉੱਤਰਾਖੰਡ ਦੀ ਯਾਤਰਾ ‘ਤੇ ਆਏ ਸਨ। ਇਨ੍ਹਾਂ ਤਿੰਨਾਂ ਵਾਹਨਾਂ ‘ਚ 22 ਲੋਕ ਸਵਾਰ ਸਨ। ਸੁਰੱਖਿਅਤ ਸ਼ਰਧਾਲੂਆਂ ਨੂੰ ਘਟਨਾ ਵਾਲੇ ਸਥਾਨ ਦੇ ਨੇੜੇ ਹੋਟਲਾਂ ‘ਚ ਠਹਿਰਾਇਆ ਗਿਆ ਹੈ।