ਮੱਧ ਪ੍ਰਦੇਸ਼ ਅਸੈਂਬਲੀ ਦੀਆਂ 230 ਸੀਟਾਂ ਤੇ ਛੱਤੀਸਗੜ੍ਹ ’ਚ ਦੂਜੇ ਗੇੜ ਤਹਿਤ ਬਾਕੀ ਬਚਦੀਆਂ 70 ਅਸੈਂਬਲੀ ਸੀਟਾਂ ਲਈ ਚੋਣ ਪ੍ਰਚਾਰ ਅੱਜ ਸ਼ਾਮੀਂ ਬੰਦ ਹੋ ਗਿਆ। ਇਨ੍ਹਾਂ ਦੋਵਾਂ ਰਾਜਾਂ ਵਿੱਚ ਹੁਣ ਸ਼ੁੱਕਰਵਾਰ ਨੂੰ ਵੋਟਾਂ ਪੈਣਗੀਆਂ। ਚੋਣ ਪ੍ਰਚਾਰ ਦੇ ਆਖਰੀ ਦਿਨ ਅੱਜ ਭਾਜਪਾ ਤੇ ਕਾਂਗਰਸ ਸਣੇ ਹੋਰਨਾਂ ਪਾਰਟੀਆਂ ਦੇ ਸਿਖਰਲੇ ਆਗੂਆਂ ਨੇ ਚੋਣ ਰੈਲੀਆਂ ਤੇ ਰੋਡਸ਼ੋਅਜ਼ ਨਾਲ ਪੂਰਾ ਜ਼ੋਰ ਲਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਤਿੰਨ ਚੋਣ ਰੈਲੀਆਂ ਤੋਂ ਇਲਾਵਾ ਇੰਦੌਰ ਵਿੱਚ ਰੋਡ ਸ਼ੋਅ ਕੀਤਾ ਸੀ। ਆਖਰੀ ਦਿਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਭਾਜਪਾ ਪ੍ਰਧਾਨ ਜੇ.ਪੀ.ਨੱਢਾ, ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਆਪੋ ਆਪਣੀ ਪਾਰਟੀਆਂ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ। ਆਗੂਆਂ ਨੇ ਜਿੱਥੇ ਇਕ ਦੂਜੇ ਨੂੰ ਨਿਸ਼ਾਨਾ ਬਣਾਇਆ, ਉਥੇ ਆਪਣੇ ਉਮੀਦਵਾਰਾਂ ਲਈ ਵੋਟ ਮੰਗਦੇ ਹੋਏ ਕਈ ਵਾਅਦੇ ਵੀ ਕੀਤੇ। ਮੱਧ ਪ੍ਰਦੇਸ਼ ਵਿੱਚ ਨਕਸਲ ਪ੍ਰਭਾਵਿਤ ਜ਼ਿਲ੍ਹਿਆਂ ਬਾਲਾਘਾਟ, ਮੰਡਲਾ ਤੇ ਦਿਨਡੋਰੀ ਵਿੱਚ ਚੋਣ ਪ੍ਰਚਾਰ ਸ਼ਾਮੀਂ 3 ਵਜੇ ਜਦੋਂਕਿ ਹੋਰਨਾਂ ਥਾਵਾਂ ’ਤੇ ਸ਼ਾਮ 6 ਵਜੇ ਬੰਦ ਹੋ ਗਿਆ। ਮੱਧ ਪ੍ਰਦੇਸ਼ ਵਿੱਚ ਮੁੱਖ ਮੁਕਾਬਲਾ ਸੱਤਾਧਾਰੀ ਭਾਜਪਾ ਤੇ ਵਿਰੋਧੀ ਧਿਰ ਕਾਂਗਰਸ ਦਰਮਿਆਨ ਹੈ। ਭਾਜਪਾ ਨੇ ਮੱਧ ਪ੍ਰਦੇਸ਼ ਤੋਂ ਆਪਣੇ ਕਈ ਕੇਂਦਰੀ ਮੰਤਰੀਆਂ- ਨਰੇਂਦਰ ਸਿੰਘ ਤੋਮਰ, ਪ੍ਰਹਿਲਾਦ ਪਟੇਲ, ਫਗਨ ਕੁਲਸਤੇ ਤੇ ਜਨਰਲ ਸਕੱਤਰ ਕੈਲਾਸ਼ ਵਜਿੈਵਰਗੀਆ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਚੋਣ ਪ੍ਰਚਾਰ ਦੇ ਆਖਰੀ ਦਿਨ ਭਾਜਪਾ ਪ੍ਰਧਾਨ ਜੇ.ਪੀ.ਨੱਢਾ ਨੇ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਕਾਂਗਰਸੀ ਆਗੂ ਚੋਣਾਂ ਨੇੜੇ ਆਉਂਦੇ ਹੀ ਰਾਮ ਭਗਤ ਬਣ ਜਾਂਦੇ ਹਨ। ਅਸੈਂਬਲੀ ਦੀਆਂ 230 ਸੀਟਾਂ ਲਈ ਕੁੱਲ 2533 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਛੱਤੀਸਗੜ੍ਹ ਅਸੈਂਬਲੀ ਦੀਆਂ 90 ਅਸੈਂਬਲੀਆਂ ਸੀਟਾਂ ਲਈ ਦੂਜੇ ਗੇੜ ਤਹਿਤ 22 ਜ਼ਿਲ੍ਹਿਆਂ ਵਿੱਚ ਪੈਂਦੇ 70 ਹਲਕਿਆਂ ਲਈ ਵੋਟਾਂ ਪੈਣਗੀਆਂ।

